ਚੰਡੀਗੜ – ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਐਥਲੈਟਿਕ ਟਰੈੱਕ ਬਣਾਉਣ ਲਈ ਖੇਲੋ ਇੰਡੀਆਂ ਸਕੀਮ ਤਹਿਤ ਸਰਕਾਰ ਵੱਲੋਂ 7 ਕਰੋੜ ਰੁਪਏ ਦੀ ਗਰਾਂਟ ਪਾਸ ਕਰ ਦਿੱਤੀ ਗਈ ਹੈ, ਜਿਸ ਦਾ ਕੰਮ ਟੈਂਡਰਿੰਗ ਪ੍ਰਕਿਰਿਆ ਹੋਣ ਤੋਂ ਬਾਅਦ ਜਲਦ ਹੀ ਸ਼ੁਰੂ ਹੋ ਜਾਵੇਗਾ।) ਸ੍ਰ: ਰਾਣਾ ਗੁਰਮੀਤ ਸਿੰਘ ਸੋਢੀ ਨੇ ਦੱਸਿਆ ਕਿ ਜ਼ਿਲੇ ਦੇ ਖਿਡਾਰੀਆਂ ਨੂੰ ਖੇਡ ਦੇ ਖੇਤਰ ਵਿਚ ਅੱਗੇ ਵੱਧਣ ਲਈ ਸਹੂਲਤ ਦੇਣ ਵਾਸਤੇ ਸ਼ਹੀਦ ਭਗਤ ਸਿੰਘ ਸਟੇਡੀਅਮ ਫਿਰੋਜ਼ਪੁਰ ਵਿਖੇ ਸਿੰਥੈਟਿਕ ਐਥਲੈਟਿਕ ਟਰੈੱਕ ਬਣਾਇਆ ਜਾ ਰਿਹਾ ਹੈ, ਜਿਸ ਸਬੰਧੀ ਭਾਰਤ ਸਰਕਾਰ ਤੋਂ 7 ਕਰੋੜ ਰੁਪਏ ਦੀ ਗਰਾਂਟ ਪਾਸ ਕਰਵਾ ਲਈ ਗਈ ਹੈ। ਉਨਾਂ ਕਿਹਾ ਕਿ ਜਲਦ ਦੀ ਟੈਂਡਰਿੰਗ ਪ੍ਰਕਿਰਿਆ ਸ਼ੁਰੂ ਕਰਵਾ ਕੇ ਟਰੈੱਕ ਦਾ ਕੰਮ ਸ਼ੁਰੂ ਕਰਵਾਇਆ ਜਾਵੇਗਾ। ਉਨਾਂ ਕਿਹਾ ਕਿ ਇਸ ਟਰੈੱਕ ਦੇ ਬਣਨ ਨਾਲ ਨਾ ਸਿਰਫ ਫਿਰੋਜ਼ਪੁਰ ਦੇ ਐਥਲੀਟਾਂ ਬਲਿਕ ਆਲੇ ਦੁਆਲੇ ਦੇ ਐਥਲੀਟਾਂ ਨੂੰ ਵੀ ਵੱਡੀ ਸਹੂਲਤ ਮਿਲੇਗੀ। ਉਨਾਂ ਕਿਹਾ ਕਿ ਇਸ ਨਾਲ ਹੋਰ ਨੋਜਵਾਨਾਂ ਨੂੰ ਵੀ ਖੇਡਾਂ ਵਿਚ ਭਾਗ ਲੈਣ ਲਈ ਪ੍ਰੇਰਨਾ ਮਿਲੇਗੀ।ਸ੍ਰ: ਰਾਣਾ ਸੋਢੀ ਨੇ ਅੱਗੇ ਦੱਸਿਆ ਕਿ ਇਸ ਤੋਂ ਇਲਾਵਾ ਫਿਰੋਜ਼ਪੁਰ ਦੇ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਚ ਸਾਢੇ 5 ਕਰੋੜ ਦੀ ਲਾਗਤ ਨਾਲ ਹਾਕੀ ਐਸਟੋਟਰਫ ਵੀ ਲਗਵਾਇਆ ਜਾ ਰਿਹਾ ਹੈ, ਜਿਸ ਦੀ ਟੈਂਡਰਿੰਗ ਪ੍ਰਕਿਰਿਆ ਦਾ ਕੰਮ ਸ਼ੁਰੂ ਹੋ ਚੁੱਕਿਆ ਹੈ।ਉਨਾਂ ਕਿਹਾ ਕਿ ਸਾਢੇ 5 ਕਰੋੜ ਦੀ ਲਾਗਤ ਨਾਲ ਵਿਛਾਈ ਜਾਣ ਵਾਲੀ ਇਸ ਐਸਟੋਟਰਫ ਨਾਲ ਫਿਰੋਜ਼ਪੁਰ ਸਮੇਤ ਨੇੜਲੇ ਸ਼ਹਿਰਾਂ ਫਰੀਦਕੋਟ, ਮੋਗਾ ਤੇ ਤਰਨ ਤਾਰਨ ਨੂੰ ਵੀ ਵੱਡਾ ਫਾਇਦਾ ਮਿਲੇਗਾ।ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿਚ ਪੇਂਡੂ ਖੇਤਰਾਂ ਵਿਚ ਵੀ ਨਵੇਂ ਖੇਡ ਸਟੇਡੀਅਮਾਂ ਅਤੇ ਪੁਰਾਣੇ ਖੇਡ ਸਟੇਡੀਅਮਾਂ ਦਾ ਨਵੀਨੀਕਰਨ ਦਾ ਕੰਮ ਵੀ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਰਾਜ ਦੇ ਖੇਡ ਵਿਭਾਗ ਵੱਲੋਂ ਖੇਡਾਂ ਨੂੰ ਪ੍ਰਫੁੱਲਿਤ ਕਰਨ ਅਤੇ ਕੌਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀ ਪੈਦਾ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਜਿਸ ਤਹਿਤ ਜਿੱਥੇ ਪੰਜਾਬ ਸਰਕਾਰ ਵੱਲੋਂ ਖੇਡ ਇਨਾਮਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ ਉੱਥੇ ਹੀ ਕੋਮੀ ਤੇ ਕੌਮਾਂਤਰੀ ਪੱਧਰ ਦੇ ਖਿਡਾਰੀਆਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵੀ ਉਪਰਾਲੇ ਕੀਤੇ ਗਏ ਹਨ। ਉਨਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਉੱਚ ਪੱਧਰੀ ਖੇਡ ਬੁਨਿਆਦੀ ਢਾਂਚੇ ਨੂੰ ਯਕੀਨੀ ਬਣਾਉਣ ਲਈ ਪੂਰੀ ਤਰਾ ਵਚਨਬੱਧ ਹੈ।ਉਨਾਂ ਦੱਸਿਆ ਕਿ ਸਿੰਥੈਟਿਕ ਟਰੈੱਕ ਅਤੇ ਹਾਕੀ ਐਸਟੋਟਰਫ ਦੇ ਕੰਮ ਨੂੰ ਖੇਡ ਵਿਭਾਗ ਦੇ ਪਿ੍ਰੰਸੀਪਲ ਸੈਕਟਰੀ ਕੇ.ਸ਼ਿਵਾ ਪ੍ਰਸਾਦ, ਡਾਇਰੈਕਟਰ ਡੀਪੀਐਸ ਖਰਬੰਦਾ, ਡਿਪਟੀ ਕਮਿਸ਼ਨਰ ਫਿਰੋਜ਼ਪੁਰ ਸ੍ਰ: ਗੁਰਪਾਲ ਸਿੰਘ ਚਾਹਲ, ਡਿਪਟੀ ਡਾਇਰੈਕਟਰ ਸੁਨੀਲ ਕੁਮਾਰ, ਐਕਸੀਅਨ ਸੰਜੈ ਮਹਾਜਨ ਦੀ ਦੇਖਰੇਖ ਵਿਚ ਸਫਲਤਾਪੂਰਵਕ ਨੇਪਰੇ ਚਾੜਿਆ ਜਾਵੇਗਾ।