ਕੈਲੀਫੋਰਨੀਆ – ਅਮਰੀਕਾ ਵਿੱਚ ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਕੋਰੋਨਾ ਟੀਕਾਕਰਨ ਨੂੰ ਤੇਜ਼ ਕਰਨ ਦੀ ਲਗਾਤਾਰ ਕੋਸ਼ਿਸ਼ ਜਾਰੀ ਹੈ।ਮੌਜੂਦਾ ਸਮੇਂ ਦੇਸ਼ ਵਿੱਚ ਕੋਰੋਨਾ ਵਾਇਰਸ ਟੀਕਿਆਂ ਦੀ ਵੰਡ ਨੂੰ ਤੇਜ ਕਰਨ ਲਈ 1000 ਤੋਂ ਜ਼ਿਆਦਾ ਸੈਨਾ ਦੇ ਜਵਾਨਾਂ ਦੀ ਮੱਦਦ ਲਈ ਜਾਵੇਗੀ। ਇਸ ਸੰਬੰਧੀ ਵ੍ਹਾਈਟ ਹਾਊਸ ਦੇ ਸੀਨੀਅਰ ਕੋਰੋਨਾ ਵਾਇਰਸ ਦੇ ਸਲਾਹਕਾਰ ਐਂਡੀ ਸਲਾਵਿਤ ਨੇ ਸ਼ੁੱਕਰਵਾਰ ਨੂੰ ਐਲਾਨ ਕਰਦਿਆਂ ਦੱਸਿਆ ਕਿ ਦੇਸ਼ ਭਰ ਵਿੱਚ 1000 ਤੋਂ ਵੱਧ ਸਰਗਰਮ ਡਿਊਟੀ ਸੈਨਿਕ ਸੰਯੁਕਤ ਰਾਜ ਵਿੱਚ ਟੀਕਾਕਰਨ ਸਥਾਨਾਂ ਦੀ ਸਹਾਇਤਾ ਕਰਨਗੇ ਜਦਕਿ ਕੈਲੀਫੋਰਨੀਆ ਵਿੱਚ ਇਸ ਮਹੀਨੇ ਵਿੱਚ ਅਮਰੀਕੀ ਸੈਨਾ ਦੇ ਜਵਾਨ ਟੀਕਾ ਸਪਲਾਈ ਵਿੱਚ ਆਪਣਾ ਯੋਗਦਾਨ ਪਾਉਣਗੇ।ਸਲਾਵਿਤ ਅਨੁਸਾਰ ਰੱਖਿਆ ਸੱਕਤਰ ਲੋਇਡ ਅਸਟਿਨ ਨੇ ਇਸ ਕਦਮ ‘ਤੇ ਸਹਿਮਤੀ ਪ੍ਰਗਟ ਕਰਦਿਆਂ ਕੈਲੀਫੋਰਨੀਆ ਵਿੱਚ ਸੈਨਿਕਾਂ ਦਾ ਇਹ ਮਿਸ਼ਨ 10 ਦਿਨਾਂ ਦੇ ਅੰਦਰ ਅੰਦਰ ਸ਼ੁਰੂ ਕਰਨ ਬਾਰੇ ਕਿਹਾ ਹੈ। ਵ੍ਹਾਈਟ ਹਾਊਸ ਦੀ ਕੋਵਿਡ -19 ਰਿਸਪੌਂਸ ਟੀਮ ਨੇ ਸ਼ੁੱਕਰਵਾਰ ਨੂੰ ਘੋਸ਼ਣਾ ਕਰਦਿਆਂ ਜਾਣਕਾਰੀ ਦਿੱਤੀ ਕਿ ਸਰਕਾਰ ਗਰਮੀਆਂ ਦੇ ਅਖੀਰ ਤੱਕ ਛੇ ਹੋਰ ਵਾਧੂ ਸੈਨਿਕ ਕੰਪਨੀਆਂ ਨੂੰ ਘਰੇਲੂ ਕੋਰੋਨਾ ਟੈਸਟਾਂ ਦੀ ਸਪਲਾਈ 60 ਮਿਲੀਅਨ ਤੋਂ ਵੱਧ ਤੱਕ ਪਹੁਚਾਉਣ ਲਈ ਸਹਾਇਤਾ ਕਰੇਗੀ।ਇਸਦੇ ਇਲਾਵਾ ਕੋਵਿਡ -19 ਸਪਲਾਈ ਕੋਆਰਡੀਨੇਟਰ ਟਿਮ ਮੈਨਿੰਗ ਅਨੁਸਾਰ ਸਰਕਾਰ ਰੱਖਿਆ ਉਤਪਾਦਨ ਐਕਟ ਰਾਹੀਂ ਘਰੇਲੂ ਟੈਸਟਿੰਗ ਦੀ ਸਪਲਾਈ ਨੂੰ ਵੀ ਵਧਾ ਰਹੀ ਹੈ।ਇਸ ਮੰਤਵ ਲਈ ਸਰਕਾਰ ਆਸਟਰੇਲੀਆਈ ਕੰਪਨੀ ਐਲਯੂਮ ਤੋਂ ਘਰੇਲੂ ਟੈਸਟਾਂ ਦੇ ਉਤਪਾਦਨ ਨੂੰ ਵਧਾਉਣ ਲਈ ਸਹਾਇਤਾ ਲਵੇਗੀ। ਇਸਦੇ ਨਾਲ ਹੀ ਮੈਨਿੰਗ ਅਨੁਸਾਰ ਸਰਕਾਰ ਰੱਖਿਆ ਉਤਪਾਦਨ ਐਕਟ ਤਹਿਤ ਫਾਈਜ਼ਰ ਟੀਕੇ ਦੇ ਨਿਰਮਾਣ ਅਤੇ ਸਿਹਤ ਸੰਭਾਲ ਕਰਮਚਾਰੀਆਂ ਦੀ ਸਹਾਇਤਾ ਲਈ ਰਬੜ ਦੇ ਮੈਡੀਕਲ ਦਸਤਾਨਿਆਂ ਦਾ ਉਤਪਾਦਨ ਕਰੇਗੀ।