ਕੈਲੀਫੋਰਨੀਆਂ – ਸੰਯੁਕਤ ਰਾਜ ਵਿੱਚ ਕੋਵਿਡ-19 ਟੀਕਾਕਰਨ ਪ੍ਰਕਿਰਿਆ ਵਿੱਚ ਸਿਹਤ ਦੇਖਭਾਲ ਕਰਨ ਵਾਲੇ ਕਰਮਚਾਰੀ ਪਹਿਲੀ ਤਰਜੀਹ ਵਿੱਚ ਰੱਖੇ ਗਏ ਹਨ ਪਰ ਦੇਸ਼ ਭਰ ਵਿੱਚ ਜ਼ਿਆਦਾਤਰ ਸਿਹਤ ਅਮਲਾ ਕੋਰੋਨਾਂ ਵਾਇਰਸ ਦਾ ਟੀਕਾ ਲਗਵਾਉਣ ਤੋਂ ਇਨਕਾਰ ਕਰ ਰਿਹਾ ਹੈ।ਇਸ ਮਾਮਲੇ ਵਿੱਚ ਓਹੀਓ ਪ੍ਰਾਂਤ ਦੇ ਗਵਰਨਰ ਮਾਈਕ ਡਿਵਾਈਨ ਨੇ ਖੁਲਾਸਾ ਕੀਤਾ ਹੈ ਕਿ ਰਾਜ ਵਿਚ ਲੱਗਭਗ 60 ਪ੍ਰਤੀਸ਼ਤ ਨਰਸਿੰਗ ਹੋਮ ਕਰਮਚਾਰੀਆਂ ਨੇ ਹੁਣ ਤੱਕ ਟੀਕਾ ਨਾਂ ਲਗਵਾਉਣ ਦੀ ਚੋਣ ਕੀਤੀ ਹੈ ਅਤੇ ਇੱਕ ਰਿਪੋਰਟ ਅਨੁਸਾਰ ਪਿਛਲੇ ਮਹੀਨੇ ਨਿਊਯਾਰਕ ਸਿਟੀ ਦੇ ਵੀ ਅੱਧੇ ਤੋਂ ਵੱਧ ਈ ਐਮ ਐਸ ਕਰਮਚਾਰੀਆਂ ਨੇ ਟੀਕੇ ਪ੍ਰਤੀ ਸ਼ੰਕਾ ਪ੍ਰਗਟਾਈ ਹੈ।ਇਸਦੇ ਇਲਾਵਾ ਟੀਕਾਕਰਨ ਸੰਬੰਧੀ ਰਿਪੋਰਟਾਂ ਦੇ ਅਨੁਸਾਰ ਕੈਲੀਫੋਰਨੀਆਂ ਅਤੇ ਟੈਕਸਾਸ ਸੂਬੇ ਵੀ ਸਿਹਤ ਕਰਮਚਾਰੀਆਂ ਦੇ ਇਨਕਾਰ ਕਰਨ ਦੀ ਉੱਚ ਦਰ ਦਾ ਅਨੁਭਵ ਕਰ ਰਹੇ ਹਨ, ਜਿਸਦੇ ਤਹਿਤ ਰਿਵਰਸਾਈਡ ਕਾਉਂਟੀ ਵਿੱਚ ਅੰਦਾਜ਼ਨ 50 ਪ੍ਰਤੀਸ਼ਤ ਸਿਹਤ ਕਾਮਿਆਂ ਨੇ ਟੀਕਾ ਨਾਂ ਲਵਾਉਣ ਦਾ ਵਿਕਲਪ ਚੁਣਿਆ ਹੈ।ਕੈਲੀਫੋਰਨੀਆਂ ਦੇ ਸੇਂਟ ਐਲਿਜ਼ਾਬੈਥ ਕਮਿਊਨਿਟੀ ਹਸਪਤਾਲ ਵਿੱਚ ਅੱਧੇ ਤੋਂ ਵੱਧ ਹਸਪਤਾਲ ਕਰਮਚਾਰੀ ਜੋ ਟੀਕਾ ਪ੍ਰਾਪਤ ਕਰਨ ਦੇ ਯੋਗ ਸਨ, ਨੇ ਵੀ ਟੀਕਾਕਰਨ ਨਾਂ ਕਰਵਾਉਣ ਦਾ ਫੈਸਲਾ ਕੀਤਾ ਹੈ।ਸਿਹਤ ਕਰਮਚਾਰੀਆਂ ਦੁਆਰਾ ਟੀਕਾ ਨਾ ਲਗਵਾਉਣ ਦੇ ਕਾਰਨ ਜਾਂ ਬਹਾਨੇ ਨੂੰ ਜਾਣਨ ਲਈ ਕੈਸਰ ਫੈਮਲੀ ਫਾਉਂਡੇਸ਼ਨ ਦੁਆਰਾ ਕੀਤੇ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ 29 ਪ੍ਰਤੀਸ਼ਤ ਸਿਹਤ ਕਰਮਚਾਰੀ ਟੀਕੇ ਤੋਂ ਝਿਜਕ ਹੋਣ ਕਾਰਨ ਇਨਕਾਰ ਕਰ ਰਹੇ ਹਨ।ਇਸਦੇ ਇਲਾਵਾ ਹੋਰ ਕਾਰਨਾਂ ਵਿੱਚ ਕਈ ਕਰਮਚਾਰੀ ਸੋਚਦੇ ਹਨ ਕਿ ਉਹਨਾਂ ਨੂੰ ਮਹਾਂਮਾਰੀ ਦੌਰਾਨ ਟੀਕੇ ਦੀ ਜਰੂਰਤ ਨਹੀਂ ਹੈ।ਕੋਰੋਨਾਂ ਟੀਕਾਕਰਨ ਦੇ ਮਾਮਲੇ ਬਾਰੇ ਹਾਰਵਰਡ ਦੇ ਮਹਾਂਮਾਰੀ ਵਿਗਿਆਨੀ ਮਾਰਕ ਲਿਪਸਿਚ ਅਨੁਸਾਰ ਸਿਰਫ ਸਿਹਤ ਸੰਭਾਲ ਕਰਮਚਾਰੀਆਂ ਵਿੱਚ ਹੀ ਨਹੀਂ, ਬਲਕਿ ਆਮ ਲੋਕਾਂ ਵੱਲੋਂ ਵੀ ਵੱਡੀ ਗਿਣਤੀ ਵਿੱਚ ਟੀਕਾ ਲਗਵਾਉਣ ਤੋਂ ਇਨਕਾਰ ਕਰਨਾ ਕਿਸੇ ਵੱਡੀ ਮੁਸ਼ਕਲ ਦਾ ਕਾਰਨ ਬਣ ਸਕਦਾ ਹੈ।