ਭਾਰਤੀ ਟੈਸਟ ਕ੍ਰਿਕਟ ਟੀਮ ਦੇ ਪੰਜ ਖਿਡਾਰੀ ਉਪ-ਕਪਤਾਨ ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਰਿਸ਼ਭ ਪੰਤ, ਪ੍ਰਿਥਵੀ ਸ਼ਾਅ ਤੇ ਨਵਦੀਪ ਸੈਣੀ ਨੂੰ ਕਰੋਨਾ ਨਿਯਮਾਂ ਦਾ ਉਲੰਘਣ ਕਰਨ ’ਤੇ ਇਕਾਂਤਵਾਸ ਭੇਜ ਦਿੱਤਾ ਗਿਆ ਹੈ। ਇਸ ਦੌਰਾਨ ਉਹ ਬਾਕੀ ਮੈਂਬਰਾਂ ਨਾਲੋਂ ਵੱਖ ਰਹਿਣਗੇ। ਦੂਜੇ ਪਾਸੇ ਆਸਟਰੇਲੀਆ ਕ੍ਰਿਕਟ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਭਾਰਤੀ ਕ੍ਰਿਕਟ ਬੋਰਡ ਨਾਲ ਮਿਲ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਕਿ ਕੀ ਸਚਮੁੱਚ ਭਾਰਤੀ ਖਿਡਾਰੀਆਂ ਨੇ ਨਿਯਮਾਂ ਦਾ ਉਲੰਘਣ ਕੀਤਾ ਹੈ। ਇਸ ਤੋਂ ਪਹਿਲਾਂ ਭਾਰਤੀ ਕ੍ਰਿਕਟ ਬੋਰਡ ਨੇ ਆਸਟਰੇਲਿਆਈ ਮੀਡੀਆ ਦੀਆਂ ਖਬਰਾਂ ਨੂੰ ਗਲਤ ਕਰਾਰ ਦਿੱਤਾ ਸੀ। ਇਹ ਵਿਵਾਦ ਭਾਰਤੀ ਟੀਮ ਦੇ ਪ੍ਰਸੰਸਕ ਨਵਲਦੀਪ ਸਿੰਘ ਵੱਲੋਂ ਇਨ੍ਹਾਂ ਖਿਡਾਰੀਆਂ ਦੀਆਂ ਨਵੇਂ ਸਾਲ ਮੌਕੇ ਰੇਸਤਰਾਂ ਵਿਚ ਖਾਣਾ ਖਾਂਦਿਆਂ ਦੀਆਂ ਤਸਵੀਰਾਂ ਟਵਿੱਟਰ ’ਤੇ ਜਨਤਕ ਕਰਨ ਤੋਂ ਬਾਅਦ ਖੜ੍ਹਾ ਹੋਇਆ ਸੀ। ਉਸ ਨੇ ਕਿਹਾ ਸੀ ਕਿ ਉਸ ਵਲੋਂ ਖਿਡਾਰੀਆਂ ਦੇ ਬਿੱਲ ਦਾ ਭੁਗਤਾਨ ਕਰਨ ’ਤੇ ਪੰਤ ਨੇ ਉਸ ਨਾਲ ਜੱਫੀ ਵੀ ਪਾਈ ਪਰ ਉਸ ਨੇ ਬਾਅਦ ਵਿਚ ਪ੍ਰੋਟੋਕੋਲ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮੁਆਫੀ ਮੰਗਦਿਆਂ ਆਪਣੇ ਆਪ ਨੂੰ ਮਾਮਲੇ ਤੋਂ ਵੱਖ ਕਰ ਲਿਆ ਸੀ।