ਨਵੀਂ ਦਿੱਲੀ, -ਅੱਜ ਵਿਰਾਟ ਕੋਹਲੀ ਜੇਕਰ ਇਕ ਕਾਮਯਾਬ ਕ੍ਰਿਕਟਰ ਹੈ ਤਾਂ ਉਸ ਦੇ ਪਿੱਛੇ ਉਸ ਦੀ ਖ਼ੁਦ ਦੀ ਸਖ਼ਤ ਮਿਹਨਤ ਹੈ | ਵਿਰਾਟ ਕੋਹਲੀ ਤੋਂ ਭਾਰਤੀ ਕਪਤਾਨ ਵਿਰਾਟ ਕੋਹਲੀ ਤੱਕ ਦਾ ਸਫ਼ਰ ਭਾਵੇਂ ਹੀ ਅਸਾਨ ਨਹੀਂ ਸੀ ਪਰ ਉਸ ਦੀ ਸਖ਼ਤ ਮਿਹਨਤ ਨੇ ਹੀ ਅੱਜ ਉਸ ਨੂੰ ਇਸ ਸਥਾਨ ‘ਤੇ ਪਹੁੰਚਾਇਆ | ਦੱਸਣਯੋਗ ਹੇ ਕਿ ਕੋਰੋਨਾ ਤਾਲਾਬੰਦੀ ਕਾਰਨ ਪਿਛਲੇ ਦੋ ਮਹੀਨਿਆਂ ਤੋਂ ਕ੍ਰਿਕਟ ਮੈਚ ਰੱਦ ਹੋ ਗਏ ਹਨ | ਜਿਸ ਕਾਰਨ ਸਾਰੇ ਕਿ੍ਕਟਰ ਘਰਾਂ ‘ਚ ਹੀ ਆਰਾਮ ਕਰ ਰਹੇ ਹਨ | ਹਾਲਾਂਕਿ ਇਸ ਦੌਰਾਨ ਕਈ ਕ੍ਰਿਕਟਰ ਇੰਸਟਾਗ੍ਰਾਮ ਰਾਹੀਂ ਇਕ-ਦੂਸਰੇ ਤੋਂ ਜਿੰਦਗੀ ਤੋਂ ਲੈ ਕੇ ਕ੍ਰਿਕਟ ਤੱਕ ਦੇ ਸਫ਼ਰ ਤੱਕ ਨੂੰ ਸਾਂਝਾ ਕਰ ਰਹੇ ਹਨ | ਇਸ ਦੌਰਾਨ ਕਪਤਾਨ ਕੋਹਲੀ ਨੇ ਆਪਣੀ ਜ਼ਿੰਦਗੀ ਦੀ ਇਕ ਅਹਿਮ ਘਟਨਾ ਭਾਰਤੀ ਫੁੱਟਬਾਲ ਟੀਮ ਦੇ ਕਪਤਾਨ ਸੁਨੀਲ ਛੇਤਰੀ ਨਾਲ ਹੋਏ ਇੰਸਟਾਗ੍ਰਾਮ ਚੈਟ ਦੌਰਾਨ ਕੀਤਾ | ਉਨ੍ਹਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ ਦੇ ਪਿਤਾ ਪ੍ਰੇਮ ਨੇ ਕੋਹਲੀ ਦੀ ਟੀਮ ‘ਚ ਨਿਯੁਕਤੀ ਲਈ ਰਿਸ਼ਵਤ ਦੇਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ | ਕੋਹਲੀ ਨੇ ਸੁਨੀਲ ਛੇਤਰੀ ਨੂੰ ਕਿਹਾ ਕਿ ਉਸ ਨੂੰ ਦਿੱਲੀ ਟੀਮ ‘ਚ ਰੱਖਣ ਲਈ ਅਧਿਕਾਰੀਆਂ ਨੇ ਰਿਸ਼ਵਤ ਦੀ ਮੰਗ ਕੀਤੀ ਸੀ | ਜਿਸ ਦਾ ਉਸ ਦੇ ਪਿਤਾ ਨੇ ਵਿਰੋਧ ਕਰਦੇ ਹੋਏ ਸਾਫ਼ ਮਨਾ ਕਰ ਦਿੱਤਾ ਸੀ | ਉਸ ਦੇ ਪਿਤਾ ਨੇ ਕਿਹਾ ਸੀ ਕਿ ਉਸ ਦਾ ਬੇਟਾ ਸਿਰਫ਼ ਮੈਰਿਟ ਦੇ ਆਧਾਰ ‘ਤੇ ਹੀ ਖੇਡੇਗਾ ਪਰ ਅਸੀਂ ਰਿਸ਼ਵਤ ਨਹੀਂ ਦੇਵਾਂਗੇ |