ਨਵੀਂ ਦਿੱਲੀ, 23 ਅਗਸਤ – ਸਾਬਕਾ ਭਾਰਤੀ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਭਾਰਤੀ ਚੋਣ ਕਮਿਸ਼ਨ ਨੇ ਆਪਣਾ ਰਾਸ਼ਟਰੀ ਆਈਕਨ ਬਣਾਇਆ ਹੈ। ਭਾਰਤ ਵਿੱਚ ਅਗਲੇ ਸਾਲ ਲੋਕ ਸਭਾ ਚੋਣਾਂ ਹੋਣੀਆਂ ਹਨ। ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਭਾਰਤ ਦੇ ਚੋਣ ਕਮਿਸ਼ਨ ਨੇ ਸਚਿਨ ਤੇਂਦੁਲਕਰ ਨੂੰ ਨੈਸ਼ਨਲ ਆਈਕਨ ਬਣਾਉਣ ਦਾ ਫੈਸਲਾ ਲਿਆ ਹੈ। ਸਚਿਨ ਤੇਂਦੁਲਕਰ ਕ੍ਰਿਕਟ ਇਤਿਹਾਸ ਦੇ ਸਭ ਤੋਂ ਮਸ਼ਹੂਰ ਚਿਹਰਿਆਂ ਵਿੱਚੋਂ ਇੱਕ ਹਨ। ਭਾਰਤ ਦਾ ਚੋਣ ਕਮਿਸ਼ਨ ਸਚਿਨ ਤੇਂਦੁਲਕਰ ਨੂੰ ਆਪਣਾ ਰਾਸ਼ਟਰੀ ਆਈਕਨ ਬਣਾ ਕੇ ਚੋਣਾਂ ਵਿੱਚ ਲੋਕਾਂ ਦੀ ਭਾਗੀਦਾਰੀ ਵਧਾਉਣ ਦਾ ਕੰਮ ਕਰ ਰਿਹਾ ਹੈ।
ਸਚਿਨ ਤੇਂਦੁਲਕਰ ਅਤੇ ਚੋਣ ਕਮਿਸ਼ਨ ਵਿਚਾਲੇ ਸਮਝੌਤੇ ਤੇ ਹਸਤਾਖਰ ਕੀਤੇ ਜਾਣ ਤੋਂ ਬਾਅਦ ਅਧਿਕਾਰਤ ਘੋਸ਼ਣਾ ਕੀਤੀ ਗਈ। ਚੋਣ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਸਹਿਯੋਗ ਆਗਾਮੀ ਚੋਣਾਂ, ਖਾਸ ਕਰਕੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੋਟਰਾਂ ਦੀ ਭਾਗੀਦਾਰੀ ਨੂੰ ਵਧਾਉਣ ਲਈ ਨੌਜਵਾਨਾਂ ਵਿੱਚ ਤੇਂਦੁਲਕਰ ਦੇ ਵਿਲੱਖਣ ਪ੍ਰਭਾਵ ਦਾ ਲਾਭ ਉਠਾਉਣ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਹੋਵੇਗਾ।
ਚੋਣ ਕਮਿਸ਼ਨਰ ਅਨੂਪ ਚੰਦਰ ਪਾਂਡੇ ਨੇ ਕਿਹਾ ਕਿ ਵੋਟਰਾਂ ਨੂੰ ਬਾਹਰ ਆਉਣ ਅਤੇ ਆਪਣੀ ਵੋਟ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਚੋਣ ਕਮਿਸ਼ਨ ਜਿਸ ਪਿੱਚ ਤੇ ਖੇਡਦਾ ਹੈ, ਉਹ ਮੁਸ਼ਕਿਲ ਹੈ, ਪਰ ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਤੇਂਦੁਲਕਰ ਸ਼ਾਨਦਾਰ ਪ੍ਰਦਰਸ਼ਨ ਕਰਨਗੇ।
ਚੋਣ ਕਮਿਸ਼ਨਰ ਅਰੁਣ ਗੋਇਲ ਨੇ ਕਿਹਾ ਕਿ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਸਭ ਤੋਂ ਵੱਧ 67 ਫੀਸਦੀ ਵੋਟਿੰਗ ਹੋਈ। ਉਨ੍ਹਾਂ ਕਿਹਾ ਕਿ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਹੋਰ ਉਪਰਾਲੇ ਕੀਤੇ ਜਾਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵੋਟਰਾਂ ਲਈ ਪੋਲਿੰਗ ਸਟੇਸ਼ਨਾਂ ਤੇ ਵਧੀਆ ਸੁਵਿਧਾਵਾਂ ਮੁਹੱਈਆ ਕਰਵਾਉਣ ਦੇ ਬਾਵਜੂਦ ਕੁਝ ਇਲਾਕਿਆਂ ਵਿੱਚ ਵੋਟਿੰਗ ਘੱਟ ਰਹੀ। ਚੋਣ ਪੈਨਲ ਨੇ ਕੁਝ ਸ਼ਹਿਰਾਂ ਵਿੱਚ ਮਾੜੀ ਮਤਦਾਨ ਲਈ ਸ਼ਹਿਰੀ ਅਤੇ ਨੌਜਵਾਨਾਂ ਦੀ ਬੇਰੁਖ਼ੀ ਨੂੰ ਮੁੱਖ ਕਾਰਨ ਦੱਸਿਆ ਹੈ।
ਪਿਛਲੇ ਸਾਲ ਅਭਿਨੇਤਾ ਪੰਕਜ ਤ੍ਰਿਪਾਠੀ ਨੂੰ ਕਮਿਸ਼ਨ ਨੇ ਨੈਸ਼ਨਲ ਆਈਕਨ ਚੁਣਿਆ ਸੀ। ਇਨ੍ਹਾਂ ਤੋਂ ਇਲਾਵਾ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਕ੍ਰਿਕਟਰ ਐਮ. ਐਸ. ਧੋਨੀ, ਆਮਿਰ ਖਾਨ ਅਤੇ ਮੈਰੀਕਾਮ ਵਰਗੀਆਂ ਮਸ਼ਹੂਰ ਹਸਤੀਆਂ ਨੂੰ ਰਾਸ਼ਟਰੀ ਆਈਕਨ ਬਣਾਇਆ ਗਿਆ ਸੀ।