ਕੈਲੀਫੋਰਨੀਆ – ਕੋਰੋਨਾ ਮਹਾਂਮਾਰੀ ਨੇ ਅਮਰੀਕੀ ਰਾਜਨੀਤਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਵੀ ਆਪਣਾ ਪ੍ਰਕੋਪ ਢਾਹਿਆ ਹੈ। ਰਾਸ਼ਟਰਪਤੀ ਡੋਨਾਲਡ ਟਰੰਪ ਵੀ ਇਸ ਦੀ ਲਾਗ ਦੇ ਸ਼ਿਕਾਰ ਹੋ ਚੁੱਕੇ ਹਨ। ਪਿਛਲੇ ਦਿਨੀ ਫਰਿਜ਼ਨੋ ਦੇ ਮੇਅਰ ਜੈਰੀ ਡਾਇਰ ਦੇ ਕੋਰੋਨਾਂ ਪੀੜਿਤ ਹੋਣ ਤੋਂ ਬਾਅਦ ਹੁਣ ਨੇਵਾਡਾ ਦੇ ਗਵਰਨਰ ਸਟੀਵ ਸਿਸੋਲਕ ਨੇ ਸ਼ੁੱਕਰਵਾਰ ਨੂੰ ਕੋਵਿਡ -19 ਦਾ ਪਾਜ਼ੀਟਿਵ ਟੈਸਟ ਲਿਆ ਹੈ। ਇਸ ਦੀ ਪੁਸ਼ਟੀ ਉਹਨਾਂ ਦੇ ਦਫਤਰ ਦੁਆਰਾ ਕੀਤੀ ਗਈ ਹੈ। ਦਫਤਰ ਦੇ ਜਾਰੀ ਇੱਕ ਬਿਆਨ ਅਨੁਸਾਰ ਸਿਸੋਲਕ ਦਾ ਕੋਰੋਨਾ ਟੈਸਟ ਪਾਜ਼ੀਟਿਵ ਆਇਆ ਮਿਲਿਆ ਹੈ ਜਦਕਿ ਇੱਕ ਪੀ ਸੀ ਆਰ ਟੈਸਟ ਦੇ ਨਤੀਜੇ ਦੀ ਉਡੀਕ ਕਰ ਰਹੇ ਹਨ। ਇਸ ਹਫਤੇ ਦੇ ਸ਼ੁਰੂ ਵਿੱਚ ਉਹ ਥੱਕੇ ਹੋਏ ਮਹਿਸੂਸ ਕਰ ਰਹੇ ਸਨ ਪਰ ਇਸ ਤੋਂ ਬਿਨਾਂ ਕਿਸੇ ਹੋਰ ਲੱਛਣਾਂ ਦਾ ਅਨੁਭਵ ਨਹੀਂ ਹੋਇਆ ਸੀ ਹਾਲਾਂਕਿ ਸ਼ੁੱਕਰਵਾਰ ਦੇ ਟੈਸਟ ਤੋਂ ਪਹਿਲਾਂ, ਸਿਸੋਲਕ ਨੇ 2 ਅਤੇ 6 ਨਵੰਬਰ ਨੂੰ ਟੈਸਟ ਨੈਗੇਟਿਵ ਆਇਆ ਸੀ। ਸਿਸੋਲਕ ਨੇ ਕਿਹਾ ਕਿ ਫਿਲਹਾਲ ਉਹ ਕੋਈ ਕੋਵਿਡ -19 ਦੇ ਲੱਛਣਾਂ ਦਾ ਅਨੁਭਵ ਨਹੀਂ ਕਰ ਰਹੇ ਹਨ ਪਰ ਇਕਾਂਤਵਾਸ ਹੋਣ ਲਈ ਆਪਣੀ ਰਿਹਾਇਸ਼ ਵਿੱਚ ਵਾਪਸ ਪਰਤ ਆਏ ਹਨ। ਸਿਸੋਲਕ ਆਖਰੀ ਵਾਰ ਵੀਰਵਾਰ ਨੂੰ ਕਾਰਸਨ ਸਿਟੀ ਸਥਿਤ ਆਪਣੇ ਕੈਪੀਟਲ ਦਫਤਰ ਵਿੱਚ ਸਨ। ਸੁਰੱਖਿਆ ਕਾਰਨਾਂ ਕਰਕੇ ਰਾਜਪਾਲ ਦੇ ਸਾਰੇ ਭਵਿੱਖ ਦੇ ਜਨਤਕ ਸਮਾਗਮਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਕਰਯੋਗ ਹੈ ਕਿ ਨੇਵਾਡਾ ਵਿੱਚ ਵਾਇਰਸ ਦੀ ਲਾਗ ਵਧ ਰਹੀ ਹੈ।ਜੋਨਜ਼ ਹੌਪਕਿਨਜ਼ ਯੂਨੀਵਰਸਿਟੀ ਦੇ ਅੰਕੜਿਆਂ ਅਨੁਸਾਰ ਸ਼ੁੱਕਰਵਾਰ ਤੱਕ, ਨੇਵਾਡਾ ਵਿੱਚ 116,737 ਕੋਵਿਡ -19 ਕੇਸ ਅਤੇ 1,893 ਮੌਤਾਂ ਹੋਈਆਂ ਹਨ।