ਲੁਸਾਨੇ, ਮਈ-ਅੰਤਰਰਾਸ਼ਟਰੀ ਉਲੰਪਿਕ ਕਮੇਟੀ (ਆਈ.ਓ.ਸੀ.) ਨੇ ਸਾਰੇ ਅੰਤਰਰਾਸ਼ਟਰੀ ਮਹਾਂਸੰਘਾਂ ਨੂੰ ਟੋਕੀਓ ਉਲੰਪਿਕ ਦੇ ਕੁਆਲੀਫਾਇਰ ਟੂਰਨਾਮੈਂਟਾਂ ਦੀਆਂ ਤਰੀਕਾਂ ਨੂੰ ਅੰਤਿਮ ਰੂਪ ਦੇਣ ਲਈ ਕਿਹਾ ਹੈ | ਇਸ ਦੇ ਨਾਲ ਹੀ ਕੋਵਿਡ-19 ਮਹਾਂਮਾਰੀ ਵਿਚਕਾਰ ਟੂਰਨਾਮੈਂਟ ਨੂੰ ਰੱਦ ਕਰਨ ਸਮੇਤ ਸਾਰੇ ਤਰ੍ਹਾਂ ਦੀਆਂ ਸੰਭਾਵਨਾਵਾਂ ਲਈ ਅਗਿਆਤ ਯੋਜਨਾ ਦਾ ਖਰੜਾ ਬਣਾਉਣ ‘ਚ ਮਦਦ ਕਰਨ ਨੂੰ ਵੀ ਕਿਹਾ ਗਿਆ ਹੈ | ਪਿਛਲੇ ਮਹੀਨੇ ਆਈ.ਓ.ਸੀ. ਨੇ ਟੋਕੀਓ ਉਲੰਪਿਕ ਦੇ ਕੁਆਲੀਫ਼ਿਕੇਸ਼ਨ ਸਮੇਂ ਲਈ 29 ਜੂਨ 2021 ਦਾ ਸਮਾਂ ਤੈਅ ਕੀਤਾ ਸੀ ਪਰ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਇਸ ਸਾਲ ਹੋਣ ਵਾਲੀਆਂ ਟੋਕੀਓ ਉਲੰਪਿਕ ਨੂੰ ਅਗਲੇ ਸਾਲ ਲਈ ਰੱਦ ਕਰ ਦਿੱਤਾ ਗਿਆ ਹੈ | ਆਈ.ਓ.ਸੀ. ਨੇ ਕਿਹਾ ਕਿ ਅੰਤਰਰਾਸ਼ਟਰੀ ਮਹਾਸੰਘਾਂ ਦੇ ਕੈਲੰਡਰ ‘ਚ ਅਨਿਸਚਿਤਤਾ ਨੂੰ ਦੇਖਦੇ ਹੋਏ ਕੁਝ ਮੁਕਾਬਲਿਆਂ ਦੀਆਂ ਤਰੀਕਾਂ ਅਤੇ ਸਥਾਨ ‘ਤੇ ਹੁਣ ਵੀ ਫ਼ੈਸਲਾ ਕੀਤਾ ਜਾਣਾ ਬਾਕੀ ਹੈ | ਅਸੀਂ ਤੁਹਾਡਾ ਪਹਿਲਾਂ ਤੋਂ ਹੀ ਧੰਨਵਾਦ ਕਰਦੇ ਹਾਂ ਕਿ ਤੁਸੀਂ ਮੁਕਾਬਲਿਆਂ ਦੀਆਂ ਤਰੀਕਾਂ ਅਤੇ ਸਥਾਨ ਦੀ ਪੁਸ਼ਟੀ ਹੋਣ ‘ਤੇ ਸਾਨੂੰ ਸੂਚਿਤ ਕਰੋਗੇ | ਜਿਸ ‘ਚ ਇਨ੍ਹਾਂ ਨੂੰ ਛੇਤੀ ਤੋਂ ਛੇਤੀ ਕੁਆਲੀਫਿਕੇਸ਼ਨ ਪ੍ਰਣਾਲੀ ‘ਚ ਸ਼ਾਮਿਲ ਕੀਤਾ ਜਾ ਸਕੇ |