ਚੰਡੀਗੜ੍ਹ, 14 ਸਤੰਬਰ: ਸੀਨੀਅਰ ਕਾਂਗਰਸੀ ਆਗੂ ਅਤੇ ਸ੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਅੱਜ ਪਾਰਲੀਮੈਂਟ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਉਪਰ ਉਸਦੇ ਪੰਜਾਬੀ ਵਿਰੋਧੀ ਰਵਈਏ ਲਈ ਵਰ੍ਹਦੇ ਹੋਏ ਖੁਲਾਸਾ ਕੀਤਾ ਕਿ ਕੇਂਦਰ ਸਰਕਾਰ ਵਲੋਂ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਲਈ ਪੰਜ ਅਧਿਕਾਰਿਕ ਭਾਸ਼ਾਵਾਂ ਨੂੰ ਨੋਟੀਫਾਈ ਕਰਦਿਆਂ ਪੰਜਾਬੀ ਨੂੰ ਨਜਰਅੰਦਾਜ ਕਰਕੇ ਉਸ ਨਾਲ ਵਿਤਕਰਾ ਕੀਤਾ ਗਿਆ ਹੈ।
ਪਾਰਲੀਮੈਂਟ ਚ ਸਪੀਕਰ ਓਮ ਬਿਰਲਾ ਦੀ ਬੈੰਚ ਨੂੰ ਸੰਬੋਧਨ ਕਰਦਿਆਂ ਤਿਵਾੜੀ ਨੇ ਕਿਹਾ ਕਿ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਸਨ 1808 ਵਿੱਚ ਜੰਮੂ ਉੱਪਰ ਆਪਣਾ ਅਧਿਕਾਰ ਜਮਾਇਆ ਸੀ। ਸਨ 1820 ਵਿੱਚ ਉਨ੍ਹਾਂ ਨੇ ਜੰਮੂ ਦੀ ਜਗੀਰ ਮਹਾਰਾਜਾ ਗੁਲਾਬ ਸਿੰਘ ਦੇ ਪਿਤਾ ਮੀਆਂ ਕਿਸ਼ੋਰ ਸਿੰਘ ਜਾਮਵਾਲ ਨੂੰ ਦਿੱਤੀ ਸੀ। ਜਦਕਿ ਸਨ 1822 ਚ ਉਨ੍ਹਾਂ ਨੇ ਖ਼ੁਦ ਮਹਾਰਾਜਾ ਗੁਲਾਬ ਸਿੰਘ ਦਾ ਜੰਮੂ ਦੇ ਰਾਜਾ ਵਜੋਂ ਆਪਣੇ ਹੱਥਾਂ ਨਾਲ ਰਾਜਤਿਲਕ ਕੀਤਾ ਸੀ। ਕਰੀਬ 200 ਸਾਲਾਂ ਤੋਂ ਜੰਮੂ ਅਤੇ ਉਸਦੇ ਆਲੇ ਦੁਆਲੇ ਦੇ ਇਲਾਕਿਆਂ ਵਿੱਚ ਪੰਜਾਬੀ ਦਾ ਬੋਲਬਾਲਾ ਹੈ। ਜੰਮੂ ਤੇ ਕਸ਼ਮੀਰ ਚ ਪੰਜਾਬੀ ਅਤੇ ਉਸ ਦੀਆਂ ਕਈ ਉਪ-ਬੋਲੀਆਂ ਬੋਲੀਆਂ ਜਾਂਦੀਆਂ ਹਨ ਅਤੇ 1947 ਵਿੱਚ ਜਦੋਂ ਦੇਸ਼ ਦੀ ਵੰਡ ਹੋਈ, ਤਾਂ ਵੱਡੀ ਗਿਣਤੀ ਚ ਪੰਜਾਬੀ ਭਾਸ਼ਾਈ ਲੋਕ ਜੰਮੂ ਅਤੇ ਕਸ਼ਮੀਰ ਚ ਆ ਕੇ ਵੱਸ ਗਏ।
ਲੇਕਿਨ ਕੇਂਦਰ ਸਰਕਾਰ ਵੱਲੋਂ 2 ਸਤੰਬਰ, 2020 ਵਿਚ ਨੋਟੀਫਾਈ ਕੀਤੀਆਂ ਗਈਆਂ ਜੰਮੂ ਕਸ਼ਮੀਰ ਦੀਆਂ ਅਧਿਕਾਰਕ ਭਾਸ਼ਾਵਾਂ ਵਿੱਚ ਸਿਰਫ ਕਸ਼ਮੀਰੀ, ਡੋਗਰੀ, ਉਰਦੂ, ਹਿੰਦੀ ਅਤੇ ਅੰਗਰੇਜ਼ੀ ਨੂੰ ਸ਼ਾਮਿਲ ਕਰਦਿਆਂ ਪੰਜਾਬੀ ਨਾਲ ਵਿਤਕਰਾ ਕੀਤਾ ਗਿਆ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਸਰਕਾਰ ਨੂੰ ਨੋਟੀਫਿਕੇਸ਼ਨ ਵਿੱਚ ਪੰਜਾਬੀ ਭਾਸ਼ਾ ਨੂੰ ਵੀ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਕੇਂਦਰ ਸ਼ਾਸਤ ਵਿਚ ਪੰਜਾਬੀ ਭਾਸ਼ਾ ਨਾਲ ਵਿਤਕਰਾ ਨਹੀਂ ਕਰਨਾ ਚਾਹੀਦਾ ਹੈ।