ਨਵੀਂ ਦਿੱਲੀ, 2 ਸਤੰਬਰ 2020 – ਭਾਰਤ ਦੇਸ਼ ਦੇ ਵਿਗਿਆਨ ਖੇਤਰ ਨੂੰ ਓਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋਂ ਵਿਸ਼ਵ ਪ੍ਰਸਿੱਧ ਕੌਮਾਂਤਰੀ ਪੁਲਾੜ ਸੰਸਥਾ, ‘ਨਾਸਾ’ ਨੇ ਭਾਰਤ ਦੀ ਸਾਇੰਸਦਾਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਉਨਾਂ ਵੱਲੋਂ ਬ੍ਰਹਿਮੰਡ ਵਿੱਚ ਇੱਕ ਬੇਹੱਦ ਦੂਰ ਸਥਿਤ ਗੈਲਾਕਸੀ ਦੀ ਖੋਜ ਕਰਨ ਉੱਤੇ ਖਾਸ ਵਧਾਈ ਭੇਜੀ ਹੈ। ਨਾਸਾ ਵਾਲਿਆਂ ਦਾ ਇਹ ਮੰਨਣਾ ਹੈ ਕਿਸ ਇਸ ਖੋਜ ਦੇ ਹੋਣ ਨਾਲ ਹੁਣ ਬ੍ਰਹਿਮੰਡ ਅਤੇ ਪੁਲਾੜ ਦੇ ਡੂੰਘੇ ਰਹੱਸ ਪਤਾ ਕਰਨ ਸਬੰਧੀ ਅਗਲੇਰੀ ਖੋਜ ਵਿੱਚ ਕਾਫੀ ਮਦਦ ਮਿਲੇਗੀ ਅਤੇ ਨਾਲ ਦੀ ਨਾਲ ਸੌਰ ਮੰਡਲ ਵਿੱਚ ਪ੍ਰਕਾਸ਼ ਦੀ ਹੋਂਦ ਅਤੇ ਇਸ ਦੇ ਇਤਿਹਾਸ ਨਾਲ ਸਬੰਧਤ ਜਾਣਕਾਰੀ ਵੀ ਮਿਲਣ ਵਿੱਚ ਆਸਾਨੀ ਹੋਵੇਗੀ।
‘ਨਾਸਾ’ ਵੱਲੋਂ ਜਨ ਸੰਪਰਕ ਅਧਿਕਾਰੀ ਫੇਲਿਸਿਆ ਚੋਊ ਨੇ ਇਸ ਸਬੰਧੀ ਅਧਿਕਾਰਤ ਤੌਰ ਉੱਤੇ ਭਾਰਤੀ ਪੁਲਾੜ ਸੰਸਥਾ ‘ਇਸਰੋ’ ਦੇ ਵਿਗਿਆਨੀਆਂ ਨੂੰ ਨਾਸਾ ਵੱਲੋਂ ਵਧਾਈ ਸੰਦੇਸ਼ ਭੇਜਿਆ ਹੈ ਅਤੇ ਕਿਹਾ ਹੈ ਕਿ ਭਾਰਤੀ ਸਾਇੰਸਦਾਨਾਂ ਦੀ ਏਸ ਖੋਜ ਨਾਲ ਪੂਰੇ ਵਿਸ਼ਵ ਦੇ ਸਾਇੰਸਦਾਨਾਂ ਨੂੰ ਲਾਭ ਹੋਵੇਗਾ ਕਿਉਂਕਿ ਵਿਗਿਆਨਕ ਖੋਜ ਸਾਰੀ ਦੁਨੀਆਂ ਦਾ ਇੱਕ ਸਾਂਝਾ ਵਿਸ਼ਾ ਹੈ ਜਿਸ ਨਾਲ ਲਾਭ ਵੀ ਸਭ ਨੂੰ ਹੋਵੇਗਾ।
‘ਇਸਰੋ’ ਵੱਲੋਂ ਪੰਜ ਸਾਲ ਪਹਿਲਾਂ, ਇਸੇ ਮਹੀਨੇ, 28 ਸਤੰਬਰ 2015 ਨੂੰ ਪੁਲਾੜ ਵਿੱਚ ਛੱਡੇ ਗਏ ਭਾਰਤ ਵੱਲੋਂ ਤਿਆਰ ਆਪਣੀ ਕਿਸਮ ਦੇ ਪਹਿਲੇ ਪੁਲਾੜ ਖੋਜ ਸੈਟੇਲਾਇਟ ‘ਐਸਟਰੋ-ਸੈਟ’ ਨੇ ਧਰਤੀ ਤੋਂ ਸਭ ਤੋਂ ਦੂਰ ਮੰਨੀ ਜਾਂਦੀ ਇਕ ਗੈਲੇਕਸੀ ਤੋਂ ਕਿਰਨਾਂ ਦੇ ਪ੍ਰਕਾਸ਼ ਨੂੰ ਦਰਜ ਕੀਤਾ ਹੈ। ਪੁਣੇ, ਮਹਾਰਾਸ਼ਟਰਾ ਵਿਖੇ ਡਾ: ਕਨਕ ਸਾਹਾ ਦੀ ਟੀਮ ਨੇ ਫੌਰਨ ਸੈਟੇਲਾਈਟ ਦੀ ਏਸ ਖੋਜ ਨੂੰ ਦਰਜ ਕਰਦਿਆਂ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ ਅਤੇ ਸਮੁੱਚੀ ਦੁਨੀਆਂ ਨੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਵਜੋਂ ਮੰਨਿਆ ਹੈ। ਭਾਰਤੀ ਪੁਲਾੜ ਵਿਗਿਆਨੀਆਂ ਨੇ ਇਸ ਇਤਿਹਾਸਕ ਖੋਜ ਕਰਨ ਵਾਲੇ ਸੈਟੇਲਾਇਟ ‘ਐਸਟਰੋ-ਸੈਟ’ ਦੀ ਬਣਤਰ ਇਹੋ ਜਿਹੀ ਰੱਖੀ ਸੀ ਜਿਸ ਨਾਲ ਇਹ ਬਿਨਾਂ ਕਿਸੇ ਖਾਸ ਰੁਕਾਵਟ ਦੇ ਆਸਾਨੀ ਨਾਲ ਆਪਣੀ ਮੰਜ਼ਿਲ ਤੱਕ ਸਫਰ ਤੈਅ ਕਰ ਸਕਦਾ ਹੈ।