ਬਠਿੰਡਾ, 2 ਸਤੰਬਰ 2020 – ਕੋਰੋਨਾ ਸੰਕਟ ਦੌਰਾਨ ਆਮ ਆਦਮੀ ਨੂੰ ਆਰਥਿਕ ਤੰਗੀਆਂ ਤੁਰਸ਼ੀਆਂ ਦੇ ਬਾਵਜੂਦ ਜ਼ਿਲ੍ਹਾ ਟਰੈਫਿਕ ਪੁਲਿਸ ਨੇ ਜੁਲਾਈ ਮਹੀਨੇ ਦੌਰਾਨ ਕੋਈ ਸੁੱਕਾ ਨਹੀਂ ਜਾਣ ਦਿੱਤਾ ਹੈ ਕਿਉਂਕ ਉੱਪਰੋਂ ਆਏ ਹੁਕਮਾਂ ਨੇ ਮੁਲਾਜ਼ਮਾਂ ਦੇ ਸਾਹ ਸੁਕਾਏ ਹੋਏ ਹਨ। ਪੂਰੇ ਜੁਲਾਈ ਮਹੀਨੇ ’ਚ ਲੋਕਾਂ ਵੱਲੋਂ ਖਾਲੀ ਜੇਬਾਂ ਦੀਆਂ ਪਾਈਆਂ ਦੁਹਾਈਆਂ ਦੇ ਬਾਵਜੂਦ ਟਰੈਫਿਕ ਪੁਲਿਸ ਨੇ ਜੰਮ ਕੇ ਨਿਯਮਾਂ ਦਾ ਪਾਠ ਪੜ੍ਹਾਇਆ ਹੈ। ਸੂਚਨਾ ਦੇ ਅਧਿਕਾਰ ਐਕਟ ਤਹਿਤ ਜਿਲਾ ਟਰੈਫਿਕ ਪੁਲਿਸ ਵੱਲੋਂ ਕੀਤੀ ਕਾਰਵਾਈ ਸਬੰਧੀ ਤੱਥ ਸਾਹਮਣੇ ਆਏ ਹਨ ਕਿ ਪੁਲਿਸ ਰਿਕਵਰੀ ਵੈਨ ਨਾਲ ਲੋਕਾਂ ਦੀਆਂ ਗੱਡੀਆਂ ਚੁੱਕਣ ’ਚ ਜੁਟੀ ਰਹੀ ਜਦੋਂਕਿ ਜ਼ਿਲ੍ਹੇ ਦੀ ਪੁਲਿਸ ਨੇ ਚਲਾਨ ਕੱਟ ਕੇ ਸਰਕਾਰੀ ਖਜਾਨੇ ਭਰੇ ਹਨ।
ਬਠਿੰਡਾ ਦੇ ਆਰਟੀਆਈ ਕਾਰਕੁੰਨ ਅਤੇ ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਵੱਲੋਂ ਜ਼ਿਲ੍ਹਾ ਪੁਲਿਸ ਬਠਿੰਡਾ ਤੋਂ ਸੂਚਨਾ ਮੰਗੀ ਸੀ। ਸੂਚਨਾ ਨੂੰ ਵਾਚਿਆਂ ਪਤਾ ਲੱਗਦਾ ਹੈ ਕਿ ਟਰੈਫਿਕ ਪੁਲਿਸ ਨੇ ਆਪਣੀ ਰਿਕਵਰੀ ਵੈਨ ਨਾਲ 594 ਦੁਪਹੀਆਂ ਵਾਹਨ ਚੁੱਕ ਕੇ 2 ਲੱਖ 37 ਹਜਾਰ 600 ਰਪਏ ਜੁਰਮਾਨਾ ਵਸੂਲਿਆ ਹੈ। ਇਸੇ ਤਰ੍ਹਾਂ ਹੀ ਟਰੈਫਿਕ ਪੁਲਿਸ ਨੇ ਜੁਲਾਈ ਮਹੀਨੇ ਦੌਰਾਨ ਚਾਰ ਪਹੀਆਂ ਵਾਲੀਆਂ 728 ਗੱਡੀਆਂ ਟੋਅ ਕਰਕੇ 3 ਲੱਖ 64 ਹਜਾਰ ਰੁਪਿਆ ਜੁਰਮਾਨਾ ਹਾਸਲ ਕੀਤਾ ਹੈ। ਰੌਚਕ ਤੱਥ ਹੈ ਕਿ ਇਹ ਵਰਤਾਰਾ ਉਸ ਵਕਤ ਵਰਤਿਆ ਹੈ ਜਦੋਂ ਸਰਕਾਰੀ ਪਾਬੰਦੀਆਂ ਕਾਰਨ ਆਮ ਦੀ ਤਰ੍ਹਾਂ ਹਾਲਾਤਾਂ ਦੇ ਮੁਕਾਬਲੇ ’ਚ ਲੋਕ ਘਰਾਂ ਤੋਂ ਘੱਟ ਨਿਕਲਦੇ ਹਨ।
ਤਾਏ ਦੀ ਧੀਅ ਚੱਲੀ ਮੈਂ ਕਿਓਂ ਰਹਾਂ ਕੱਲੀ
ਪੁਲਿਸ ਵੱਲੋਂ ਦਿੱਤੀ ਸੂਚਨਾ ਅਨੁਸਾਰ ਜ਼ਿਲ੍ਹਾ ਪੁਲਿਸ ਵੀ ਪਿੱਛੇ ਨਹੀਂ ਰਹੀ ਹੈ। ਬਠਿੰਡਾ ਪੁਲਿਸ ਨੇ ਲੰਘੀ 1 ਮਾਰਚ 2020 ਤੋਂ ਲੈਕੇ ਹੁਣ ਤੱਕ 6402 ਗੱਡੀਆਂ ਦੇ ਚਲਾਨ ਕੱਟੇ ਹਨ ਜਦੋਂ ਕਿ 254 ਗੱਡੀਆਂ ਨੂੰ ਬੰਦ ਕੀਤਾ ਹੈ। ਹਾਲਾਂਕਿ ਕਾਫੀ ਗੱਡੀਆਂ ਪੁਲਿਸ ਨੇ ਛੱਡ ਵੀ ਦਿੱਤੀਆਂ ਹਨ ਫਿਰ ਵੀ ਜੁਰਮਾਨੇ ਆਦਿ ਦੀ ਕਾਰਵਾਈ ਤਾਂ ਹੋਈ ਹੀ ਹੈ। ਇਸ ਮਾਮਲੇ ’ਚ ਥਾਣਾ ਕੋਤਵਾਲੀ ਮੋਹਰੀ ਰਿਹਾ ਜਿਸ ਨੇ 75 ਗੱਡੀਆਂ ਬੰਦ ਕੀਤੀਆਂ ਹਨ ਜਦੋਂਕਿ ਥਾਣਾ ਮੌੜ ਮੰਡੀ 66 ਗੱਡੀਆਂ ਬੰਦ ਕਰਨ ਨਾਲ ਦੂਸਰੇ ਸਥਾਨ ਤੇ ਰਿਹਾ ਹੈ। ਥਾਣਾ ਥਰਮਲ 32,ਥਾਣਾ ਸੰਗਤ 31 ਅਤੇ ਥਾਣਾ ਫੂਲ ਨੇ ਵੀ 26 ਗੱਡੀਆਂ ਬੰਦ ਕੀਤੀਆਂ ਹਨ। ਸੂਚਨਾ ਮੁਤਾਬਕ 76 ਗੱਡੀਆਂ ਅਜਿਹੀਆਂ ਹਨ ਜੋ ਪੁਲਿਸ ਨੇ ਰਿਲੀਜ਼ ਨਹੀਂ ਕੀਤੀਆਂ ਹਨ।
ਲੋਕਾਂ ਦੀ ਲਾਪਰਵਾਹੀ ਵੀ ਸਾਹਮਣੇ ਆਈ
ਪੁਲਿਸ ਕਾਰਵਾਈ ਦੌਰਾਨ ਆਮ ਲੋਕਾਂ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ। ਉਸ ਵਕਤ ਜਦੋਂ ਪੰਜਾਬ ਸਰਕਾਰ ਤੇ ਸਮੱਚੇ ਪ੍ਰਸ਼ਾਸ਼ਨ ਤੋਂ ਇਲਾਵਾ ਸਮਾਜਸੇਵੀ ਸੰਸਥਾਵਾਂ ਕਰੋਨਾ ਤੋਂ ਬਚਣ ਲਈ ਲੋਕਾਂ ਨੂੰ ਮਾਸਕ ਪਾਉਣ ਲਈ ਦੁਹਾਈ ਦੇ ਰਹੀਆਂ ਸਨ ਤਾਂ ਲਾਪਰਵਾਹੀ ਦੇ ਆਲਮ ’ਚ ਲੋਕ ਸੜਕਾਂ ਤੇ ਨੰਗੇ ਮੂੰਹ ਘੁੰਮਦੇ ਦਿਖਾਈ ਦਿੱਤੇ। ਬਠਿੰਡਾ ਪੁਲਿਸ ਨੇ ਬਿਨਾਂ ਮਾਬਕ ਘਰਾਂ ਤੋਂ ਬਾਹਰ ਆਉਣ ਵਾਲਿਆਂ ਦੇ 16 ਹਜਾਰ 333 ਚਲਾਨ ਕੱਟੇ ਹਨ। ਇਸੇ ਤਰਾਂ ਹੀ 26 ਜਣਿਆਂ ਨੇ ਇਕਾਂਤਵਾਸ ਦੀ ਉਲੰਘਣਾ ਕੀਤੀ ਤਾਂ ਚਲਾਨ ਕੱਟਿਆ ਗਿਆ। ਸਰਕਾਰ ਦੇ ਆਦੇਸ਼ਾਂ ਮੁਤਾਬਕ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਨਤਕ ਥਾਵਾਂ ਤੇ ਥੁੱਕਣਾ ਅਪਰਾਧ ਕਰਾਰ ਦਿੱਤਾ ਹੋਇਆ ਹੈ। ਪੁਲਿਸ ਨੇ ਇਸ ਮਾਮਲੇ ’ਚ 952 ਵਿਅਕਤੀਆਂ ਦੇ ਚਲਾਨ ਕੱਟੇ ਹਨ
ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਕਾਰਵਾਈ ਢਿੱਲੀ
ਸੋਸ਼ਲ ਡਿਸਟੈਂਸਿੰਗ ਦੇ ਮਾਮਲੇ ’ਚ ਪੁਲਿਸ ਦੀ ਕਾਰਵਾਈ ਢਿੱਲੀ ਦਿਖਾਈ ਦਿੰਦੀ ਹੈ। ਹਾਲਾਂਕਿ ਬਠਿੰਡਾ ਦੀਆਂ ਵੱਖ ਵੱਖ ਥਾਵਾਂ ਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਉਲੰਘਣਾਂ ਆਮ ਜਿਹੀ ਗੱਲ ਹੈ ਪਰ ਬਠਿੰਡਾ ਪੁਲਿਸ ਨੂੰ ਇੱਕ ਦੌਰਾਨ 14 ਵਿਅਕਤੀ ਹੀ ਇੰਨਾਂ ਨਿਯਮਾਂ ਦੀ ਉਲੰਘਣਾ ਕਰਦੇ ਨਜ਼ਰ ਆਏ ਹਨ।
ਆਮ ਆਦਮੀ ਦਾ ਹਾਲ ਮੰਦਾ ਹੋਇਆ:ਗੋਇਲ
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਦਾ ਕਹਿਣਾ ਸੀ ਕਿ ਕਰੋਨਾ ਮਹਾਂਮਾਰੀ ਕਾਰਨ ਬੰਦ ਹੋਏ ਕੰਮ ਧੰਦਿਆਂ ਦੇ ਸਿੱਟੇ ਵਜੋਂ ਆਮ ਆਦਮੀ ਨੂੰ ਘਰ ਦਾ ਗੁਜਾਰਾ ਚਲਾਉਣਾ ਮੁਸ਼ਕਲ ਹੋਇਆ ਪਿਆ ਹੈ ਉੱਪਰੋਂ ਚਲਾਨਾ ਅਤੇ ਟੋਅ ਕੀਤੀਆਂ ਗੱਡੀਆਂ ਕਾਰਨ ਲੋਕਾਂ ਦੀ ਆਰਥਿਕਤਾ ਗੜਬੜਾ ਗਈ ਹੈ। ਉਨਾਂ ਆਖਿਆ ਕਿ ਜਿਸ ਤਰਾਂ ਪੁਲਿਸ ਆਮ ਆਦਮੀ ਨੂੰ ਨਿਸ਼ਾਨਾ ਬਣਾਉਂਦੀ ਰਹੀ ਉਸ ਤੋਂ ਜਾਪਦਾ ਹੈ ਕਿ ਪੁਲਿਸ ਜਿੰਮੇ ਚਲਾਨਾਂ ਦਾ ਕੋਟਾ ਲਾਇਆ ਗਿਆ ਹੋਵੇ। ਉਨਾਂ ਮੰਗ ਕੀਤੀ ਕਿ ਪੁਲਿਸ ਲੋਕਾਂ ਦੇ ਆਰਥਿਕ ਹਾਲਾਤਾਂ ਨੂੰ ਦੇਖਦਿਆਂ ਚਲਾਨ ਮੁਹਿੰਮ ਬੰਦ ਕਰੇ ਕਿਉਂਕਿ ਲੋਕਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਹਨ ਤੇ ਪੁਲਿਸ ਜੁਰਮਾਨਿਆਂ ਦੇ ਰਾਹ ਤੁਰ ਪਈ ਹੈ।
ਨਿਯਮਾਂ ਅਨੁਸਾਰ ਕਾਰਵਾਈ: ਇੰਚਾਰਜ
ਟਰੈਫਿਕ ਪੁਲਿਸ ਬਠਿੰਡਾ ਦੇ ਇੰਚਾਰਜ ਸਬ ਇੰਸਪੈਕਟਰ ਇਕਬਾਲ ਸਿੰਘ ਦਾ ਕਹਿਣਾ ਸੀ ਕਿ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਜਾਰੀ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਤਹਿਤ ਹੀ ਕਾਰਵਾਈ ਕੀਤੀ ਗਈ ਹੈ। ਉਨਾਂ ਆਖਿਆ ਕਿ ਪੁਲਿਸ ਨੂੰ ਕਿਸੇ ਨਾਲ ਧੱਕਾ ਕਰਨ ਦੀ ਕੀ ਜਰੂਰਤ ਹੈ। ਉਨਾਂ ਆਖਿਆ ਕਿ ਟਰੈਫਿਕ ਪੁਲਿਸ ਦੀ ਰਿਕਵਰੀ ਵੈਨ ਨੇ ਵੀ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਦੀ ਸੂਰਤ ’ਚ ਹੀ ਗੱਡੀਆਂ ਚੁੱਕੀਆਂ ਹਨ। ਉਨਾਂ ਕਿਹਾ ਕਿ ਆਵਜਾਈ ਪ੍ਰਬੰਧ ਖਰਾਬ ਹੋਣ ਤੋਂ ਰੋਕਣ ਲਈ ਕਿਸੇ ਨੂੰ ਵੀ ਨਿਯਮ ਤੋੜਨ ਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ ਹੈ।