ਸ਼ਿਮਲਾ – ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਦਾ ਬਜ਼ਟ ਸੈਸ਼ਨ ਅੱਜ ਹੰਗਾਮੇ ਨਾਲ ਸ਼ੁਰੂ ਹੋਇਆ ਹੈ। ਹਾਲਾਂਕਿ ਉਮੀਦ ਸੀ ਕਿ ਪਹਿਲੇ ਦਿਨ ਹੰਗਾਮਾ ਨਹੀਂ ਹੋਵੇਗਾ ਪਰ ਉਲਟ ਹੋਇਆ ਹੈ। ਅੱਜ 11 ਵਜੇ ਸੈਸ਼ਨ ਦਾ ਆਗਾਜ਼ ਹੋਇਆ ਤੇ ਵਿਰੋਧੀ ਧਿਰਾਂ ਨੇ ਹੰਗਾਮਾ ਕਰ ਦਿੱਤਾ। ਹਿਮਾਚਲ ਦੇ ਰਾਜਪਾਲ ਬੰਡਾਰੂ ਦੱਤਾਸ਼ਰੇਆ ਦਾ ਭਾਸ਼ਨ ਸ਼ੁਰੂ ਹੁੰਦੇ ਹੀ ਵਿਰੋਧੀ ਧਿਰ ਨੇ ਸਦਨ ਵਿੱਚ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਵਿਰੋਧੀ ਨੇਤਾ ਮੁਕੇਸ਼ ਅਗਨੀਹੋਤਰੀ ਨੇ ਮਹਿੰਗਾਈ ਤੇ ਸਵਾਲ ਚੁੱਕਿਆ ਤੇ ਕਿਹਾ ਕਿ ਅਭਿਭਾਸ਼ਣ ਝੂਠ ਦਾ ਪਲਿੰਦਾ ਹੈ। ਇਸ ਦੌਰਾਨ ਕਾਂਗਰਸ ਨੇ ਰਾਜਪਾਲ ਦੀ ਗੱਡੀ ਰੋਕ ਦਿੱਤੀ ਤੇ ਕਿਹਾ ਕਿ ਰਾਜਪਾਲ ਪੂਰਾ ਭਾਸ਼ਣ ਪੜ੍ਹ ਕੇ ਜਾਣ ਤੇ ਉਹ ਮੌਕੇ ਤੋਂ ਭੱਜ ਗਏ ਹਨ। ਇਸ ਦੌਰਾਨ ਮੁੱਖ ਮੰਤਰੀ ਜੈ ਰਾਮ ਠਾਕੁਰ ਵੀ ਕਾਂਗਰਸ ਵਿਧਾਇਕਾਂ ਤੇ ਭੜਕਦੇ ਨਜ਼ਰ ਆਏ।ਇਸ ਤੋਂ ਬਾਅਦ ਕਾਂਗਰਸ ਵਿਧਾਇਕਾਂ ਨੇ ਸਦਨ ਦੇ ਅੰਦਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। 11 ਵੱਜ ਕੇ 10 ਮਿੰਟ ਤੇ ਰਾਜਪਾਲ ਦਾ ਭਾਸ਼ਣ ਸ਼ੁਰੂ ਹੋਇਆ ਅਤੇ 11.16 ਵਜੇ ਖ਼ਤਮ ਹੋ ਗਿਆ। ਰਾਜਪਾਲ ਵਿੱਚਾਲੇ ਹੀ ਆਪਣਾ ਭਾਸ਼ਣ ਛੱਡ ਕੇ ਚਲੇ ਗਏ ਅਤੇ ਬਾਅਦ ਵਿੱਚ ਸਦਨ ਕੰਪਲੈਕਸ ਵਿੱਚ ਉਨ੍ਹਾਂ ਦੀ ਗੱਡੀ ਦੇ ਅੱਗੇ ਕਾਂਗਰਸ ਨੇ ਪ੍ਰਦਰਸ਼ਨ ਕੀਤਾ ਅਤੇ ਗੱਡੀ ਰੋਕ ਕੇ ਰੱਖੀ। ਬਜਟ ਸੈਸ਼ਨ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਭਾਸ਼ਣ ਦੌਰਾਨ ਵਿਰੋਧੀ ਧਿਰ ਨੇ ਹੰਗਾਮਾ ਕਰ ਦਿੱਤਾ। ਦੱਸਿਆ ਜਾ ਰਿਹਾ ਹੈ ਕਿ ਸਦਨ ਕੰਪਲੈਕਸ ਵਿੱਚ ਪੁਲੀਸ ਅਤੇ ਵਿਰੋਧੀ ਧਿਰ ਵਿੱਚ ਧੱਕਾ-ਮੁੱਕੀ ਵੀ ਹੋਈ ਹੈ।