ਚੰਡੀਗੜ੍ਹ, 21 ਅਗਸਤ – ਸੁਖਬੀਰ ਸਿੰਘ ਬਾਦਲ ਵਲੋਂ ਮਗਨਰੇਗਾ ਸਕੀਮ ਤਹਿਤ ਸਮਾਨ ਦੀ ਖ਼ਰੀਦ ਵਿਚ 1000 ਕਰੋੜ ਦਾ ਘਪਲਾ ਹੋਣ ਦੇ ਦੋਸ਼ਾਂ ਨੂੰ ਬੇਬੁਨਿਆਦਾ ਅਤੇ ਸੌੜੀ ਸਿਆਸਤ ਤੋਂ ਪ੍ਰੇਰਤ ਦਸਦਿਆਂ, ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਕਿਹਾ ਹੈ ਕਿ ਦਰਅਸਲ ਅਕਾਲੀ ਦਲ ਦਾ ਪ੍ਰਧਾਨ ਮਗਨਰੇਗਾ ਤਹਿਤ ਪਿੰਡਾਂ ਦੇ ਹੋ ਰਹੇ ਲਾਮਿਸਾਲ ਵਿਕਾਸ ਤੋਂ ਘਬਰਾ ਕੇ ਇਸ ਨੂੰ ਆਨੀ-ਬਹਾਨੀ ਬੰਦ ਕਰਵਾਉਣਾ ਚਾਹੁੰਦਾ ਹੈ|
ਪੰਚਾਇਤ ਮੰਤਰੀ ਨੇ ਕਿਹਾ ਕਿ ਆਪਣੀਆਂ ਗਲਤ ਨੀਤੀਆਂ ਅਤੇ ਲੋਕ ਵਿਰੋਧੀ ਫੈਸਲਿਆਂ ਕਾਰਨ ਹਾਸ਼ੀਏ ਤੇ ਆਏ ਹੋਏ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਮਗਨਰੇਗਾ ਤਹਿਤ ਪੰਜਾਬ ਭਰ ਦੇ ਪਿੰਡਾਂ ਵਿਚ ਹੋ ਰਹੇ ਲਾਮਿਸਾਲ ਵਿਕਾਸ ਕਾਰਜਾਂ ਨਾਲ ਲੋਕਾਂ ਵਿਚ ਕਾਂਗਰਸ ਸਰਕਾਰ ਦੀ ਹੋ ਰਹੀ ਬੱਲੇ-ਬੱਲੇ ਬਰਦਾਸ਼ਤ ਹੀ ਨਹੀਂ ਹੋ ਰਹੀ|
ਸ਼੍ਰੀ ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਦਾ ਝੂਠ ਇਸ ਤੱਥ ਤੋਂ ਹੀ ਸਿੱਧ ਹੋ ਜਾਂਦਾ ਹੈ ਕਿ ਇਸ ਸਾਲ ਮਗਨਰੇਗਾ ਦੇ ਕੁਲ 800 ਕਰੋੜ ਰੁਪਏ ਦੇ ਬਜਟ ਵਿਚੋਂ ਹੁਣ ਤੱਕ 390 ਕਰੋੜ ਰੁਪਏ ਦਾ ਕੁਲ ਖ਼ਰਚ ਹੋਇਆ ਹੈ ਜਿਸ ਵਿਚੋਂ ਮਟਰੀਅਲ ਦੀ ਖ਼ਰੀਦ ਉੱਤੇ ਸਿਰਫ਼ 88 ਕਰੋੜ ਦਾ ਖ਼ਰਚਾ ਹੀ ਹੋਇਆ ਹੈ| ਉਹਨਾਂ ਕਿਹਾ ਕਿ ਸਾਲ 2017 ਵਿਚ ਬਣੀ ਕਾਂਗਰਸ ਸਰਕਾਰ ਵਲੋਂ ਹੁਣ ਤੱਕ ਮਟੀਰੀਅਲ ਉੱਤੇ ਸਿਰਫ 520 ਕਰੋੜ ਰੁਪਏ ਦਾ ਹੀ ਖ਼ਰਚ ਕੀਤਾ ਗਿਆ ਹੈ| ਉਹਨਾਂ ਸਵਾਲ ਕੀਤਾ ਕਿ 520 ਕਰੋੜ ਰੁਪਏ ਦੇ ਖ਼ਰਚੇ ਵਿਚੋਂ 1000 ਕਰੋੜ ਰੁਪਏ ਦਾ ਘਪਲਾ ਕਿਵੇਂ ਸੰਭਵ ਹੈ|
ਸ਼੍ਰੀ ਬਾਜਵਾ ਨੇ ਦੱਸਿਆ ਕਿ ਮਗਨਰੇਗਾ ਤਹਿਤ 60 ਫੀਸਦੀ ਖਰਚਾ ਲੇਬਰ ਅਤੇ 40 ਫੀਸਦੀ ਖਰਚਾ ਮੈਟੀਰੀਅਲ ਉੱਤੇ ਹੋ ਸਕਦਾ ਹੈ ਅਤੇ ਮੈਟੀਰੀਅਲ ਉੱਤੇ ਹੁਣ ਤਕ ਸਿਰਫ 22 ਫੀਸਦੀ ਖਰਚਾ ਹੀ ਹੋਇਆ ਹੈ| ਉਨ੍ਹਾਂ ਸਪੱਸ਼ਟ ਕੀਤਾ ਕਿ ਲੇਬਰ ਦੀ ਅਦਾਇਗੀ ਸਬੰਧੀ ਫੰਡ ਸੂਬੇ ਦੇ ਖਜ਼ਾਨੇ ਵਿਚ ਨਹੀਂ ਆਉਂਦਾ ਅਤੇ ਲੇਬਰ ਦੀ ਅਦਾਇਗੀ ਸਿੱਧੇ ਤੌਰ ਤੇ ਹੀ ਭਾਰਤ ਸਰਕਾਰ ਵੱਲੋਂ ਲਾਭਪਾਤਰੀਆਂ ਦੇ ਖਾਤੇ ਵਿੱਚ ਕੀਤੀ ਜਾਂਦੀ ਹੈ|
ਸ੍ਰ. ਬਾਜਵਾ ਨੇ ਕਿਹਾ ਕਿ ਸੁਖਬੀਰ ਬਾਦਲ ਕੇਂਦਰ ਸਰਕਾਰ ਵਿਚ ਆਪਣੀ ਭਾਈਵਾਲੀ ਦੇ ਬਲਬੂਤੇ ਇਹ ਵਿਕਾਸ ਕਾਰਜ ਰੋਕਣਾ ਚਾਹੁੰਦਾ ਹੈ, ਪਰ ਉਸ ਨੂੰ ਇਹ ਨਹੀਂ ਪਤਾ ਕਿ ਇਸ ਸਕੀਮ ਦੇ ਬੰਦ ਹੋਣ ਨਾਲ ਪੰਜਾਬ ਵਿਚ ਤਕਰੀਬਨ ਢਾਈ ਲੱਖ ਗਰੀਬ ਪਰਿਵਾਰਾਂ ਦੇ ਚੁੱਲੇ ਠੰਡੇ ਹੋ ਜਾਣਗੇ| ਉਹਨਾਂ ਕਿਹਾ ਕਿ ਸੂਬੇ ਵਿੱਚ ਇਸ ਸਕੀਮ ਅਧੀਨ ਇਸ ਵੇਲੇ ਪੰਜਾਬ ਵਿਚ ਤਕਰੀਬਨ ਦੋ ਲੱਖ ਤੀਹ ਹਜ਼ਾਰ ਵਰਕਰ ਕੰਮ ਕਰ ਰਹੇ ਹਨ, ਜਦੋਂ ਕਿ ਪੰਜਾਬ ਵਿਚ ਲਾਕ ਡਾਊਨ ਲੱਗਣ ਸਮੇਂ ਇਹ ਗਿਣਤੀ ਸਿਰਫ਼ 60,000 ਸੀ|
ਉਹਨਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਦੌਰ ਦੇ ਇਸ ਸਾਲ ਵਿਚ 114 ਲੱਖ ਮਨੁੱਖੀ ਦਿਹਾੜੀਆਂ ਪੈਦਾ ਕਰਕੇ ਗਰੀਬ ਲੋਕਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ| ਇਸ ਸਕੀਮ ਤਹਿਤ ਕੰਮ ਕਰ ਰਹੇ ਕੁਲ ਵਰਕਰਾਂ ਵਿਚ 68 ਫੀਸਦੀ ਦਲਿਤ ਭਾਈਚਾਰੇ ਨਾਲ ਸਬੰਧਤ ਹਨ ਅਤੇ ਕੁਲ ਵਰਕਰਾਂ ਵਿਚੋਂ 58 ਫੀਸਦੀ ਔਰਤਾਂ ਹਨ|