ਨਵੀਂ ਦਿੱਲੀ, 21– ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਦੇ ਵਧਦੇ ਇਨਫੈਕਸ਼ਨ ਦਰਮਿਆਨ ਸਫਾਈ ਕਰਮੀ ਜਾਨ ਜ਼ੋਖਮ ਵਿੱਚ ਪਾ ਕੇ ਆਪਣਾ ਫਰਜ਼ ਨਿਭਾ ਰਹੇ ਹਨ| ਇਸ ਵਿਚ ਕਈ ਸਫਾਈ ਕਰਮੀ ਕੋਰੋਨਾ ਨਾਲ ਲੜਦੇ ਹੋਏ ਆਪਣੀ ਜਾਨ ਵੀ ਗਵਾ ਚੁਕੇ ਹਨ| ਹੁਣ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅਜਿਹੀ ਹੀ ਇਕ ਕੋਰੋਨਾ ਯੋਧੇ ਦੇ ਪਰਿਵਾਰ ਲਈ ਮਦਦ ਦਾ ਹੱਥ ਵਧਾਇਆ ਹੈ| ਕੇਜਰੀਵਾਲ ਨੇ ਡਿਊਟੀ ਦੌਰਾਨ ਕੋਵਿਡ-19 ਕਾਰਨ ਜਾਨ ਗਵਾਉਣ ਵਾਲੇ ਇਕ ਸਫਾਈ ਕਰਮੀ ਰਾਜੂ ਦੇ ਪਰਿਵਾਰ ਨੂੰ ਇਕ ਕਰੋੜ ਰੁਪਏ ਦਾ ਚੈੱਕ ਸੌਂਪਿਆ ਹੈ| ਉਨ੍ਹਾਂ ਨੇ ਕਿਹਾ ਕਿ ਸਾਨੂੰ ਅਜਿਹੇ ਸਾਰੇ ਕੋਰੋਨਾ ਯੋਧਿਆ ਤੇ ਮਾਣ ਹੈ, ਜੋ ਦਿੱਲੀ ਦੀ ਜਨਤਾ ਦੀ ਸੁਰੱਖਿਆ ਲਈ ਆਪਣੀ ਜਾਨ ਤਿਆਗ ਰਹੇ ਹਨ|
ਜਿਕਰਯੋਗ ਹੈ ਕਿ ਦਿੱਲੀ ਵਿੱਚ 50 ਹਜ਼ਾਰ ਤੋਂ ਵੱਧ ਸਫਾਈ ਕਰਮੀ ਹਨ| ਉਹ ਲੋਕਾਂ ਦੇ ਘਰ-ਘਰ ਜਾ ਕੇ ਕੂੜਾ ਚੁੱਕਦੇ ਹਨ, ਅਜਿਹੇ ਵਿੱਚ ਉਨ੍ਹਾਂ ਨੂੰ ਇਨਫੈਕਸ਼ਨ ਦਾ ਸਭ ਤੋਂ ਵੱਧ ਖਤਰਾ ਹੈ| ਦਿੱਲੀ ਸਫ਼ਾਈ ਕਰਮੀ ਐਸੋਸੀਏਸ਼ਨ ਦਾ ਦੋਸ਼ ਹੈ ਕਿ ਨਗਰ ਨਿਗਮ ਵਲੋਂ ਕਿਸੇ ਵੀ ਤਰ੍ਹਾਂ ਦੀ ਸਹੂਲੀਅਤ ਨਹੀਂ ਦਿੱਤੀ ਜਾ ਰਹੀ ਹੈ|