ਅੰਮ੍ਰਿਤਸਰ, 6 ਜੂਨ 2020: ਕੋਰੋਨਾ ਅਤੇ ਤੇਜ਼ ਮੀਂਹ ਪੈਣ ਦੇ ਬਾਵਜੂਦ ਸਾਕਾ ਨੀਲਾ ਤਾਰਾ ਦੀ 36ਵੀਂ ਵਰ੍ਹੇਗੰਢ ਮੌਕੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚ ਪੁਲਿਸ ਅਤੇ ਸਿੱਖ ਜਥੇਬੰਦੀਆਂ ਵਿਚਾਲੇ ਥੋੜ੍ਹੀ ਬਹੁਤ ਖਿੱਚੋਤਾਣ ਵਾਲੇ ਮਾਹੌਲ ਤੋਂ ਬਾਅਦ ਇਹ ਸਮਾਗਮ ਬਿਨਾ ਕਿਸੇ ਤਿੱਖੇ ਰੌਲੇ ਰੱਪੇ ਤੋਂ ਨਿੱਬੜ ਗਿਆ। ਇਸ ਮੌਕੇ ਕਈ ਸਿੱਖ ਜਥੇਬੰਦੀਆਂ ਦੁਆਰਾ ਦਰਬਾਰ ਸਾਹਿਬ ਕੰਪਲੈਕਸ ‘ਚ ਜੈਕਾਰੇ ਅਤੇ ਖਾਲਿਸਤਾਨ ਪੱਖੀ ਨਾਅਰੇ ਲਾਏ ਗਏ। ਜਿਸ ‘ਚ ਸਰਬੱਤ ਖਾਲਸਾ ਵੱਲੋਂ ਥਾਪੇ ਸ੍ਰੀ ਅਕਾਲ ਤਖਤ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਹਕੂਮਤਾਂ ਨੂੰ ਏਸ ਘੱਲੂਘਾਰੇ ਲਈ ਦੋਸ਼ੀ ਠਹਿਰਾਉਂਦਿਆਂ ਸਿੱਖ ਕੌਮ ਨੂੰ ਇੱਕਮੁੱਠ ਹੋਣ ਦੀ ਅਪੀਲ ਕੀਤੀ।ਉਥੇ ਹੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਈਮਾਨ ਸਿੰਘ ਮਾਨ ਦੀ ਅਗਵਾਈ ਵਿਚ ਸਿੱਖਾਂ ਦੇ ਇਕ ਸਮੂਹ ਨੇ ਪੁਲਿਸ ਅਤੇ ਸ਼੍ਰੋਮਣੀ ਕਮੇਟੀ ਖਿਲਾਫ ਦਰਬਾਰ ਸਾਹਿਬ ਕੰਪਲੈਕਸ ਵਿਚ ਰੋਸ ਪ੍ਰਦਰਸ਼ਨ ਕੀਤਾ ਕਿਉਂਕਿ ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ‘ਚ ਸ਼ਾਮਲ ਨਹੀਂ ਹੋਣ ਦਿੱਤਾ ਗਿਆ। ਕੰਪਲੈਕਸ ਵਿੱਚ ਮੌਜੂਦ ਪੁਲਿਸ ਮੁਲਾਜ਼ਮਾਂ ਵੱਲੋਂ ਜਦੋਂ ਉਨ੍ਹਾਂ ਨੂੰ ਰੋਕਿਆ ਗਿਆ ਤਾਂ ਉਨ੍ਹਾਂ ਨੇ ਪੁਲਿਸ ਵਿਰੁੱਧ ਨਾਅਰੇਬਾਜ਼ੀ ਕੀਤੀ। ਗੋਪਾਲ ਸਿੰਘ ਅਤੇ ਕੁਝ ਹੋਰ ਸਿੱਖ ਇਮਾਨ ਸਿੰਘ ਮਾਨ ਦੇ ਨਾਲ ਸਨ ਜਦੋਂ ਉਹ ਦਰਬਾਰ ਸਾਹਿਬ ਕੰਪਲੈਕਸ ‘ਚ ਦਾਖਲ ਹੋਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚਣ ਦੀ ਕੋਸ਼ਿਸ਼ ਕੀਤੀ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੰਜਾਬ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਇੱਛਾ ਅਨੁਸਾਰ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਕੰਪਲੈਕਸ ਵਿਚ ਸਿੱਖਾਂ ਦੀ ਦਸਤਾਰਾਂ ਲਾਹੁਣ ਅਤੇ ਉਨ੍ਹਾਂ ਨੂੰ ਅਪਮਾਨਿਤ ਕਰਨ ਲਈ ਪੁਲਿਸ ਫੋਰਸ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਕਾਲੀ ਲੀਡਰਸ਼ਿਪ ਨੇ ਡੇਰਾ ਸਿਰਸਾ ਮੁਖੀ ਨੂੰ ਬਚਾਇਆ ਸੀ।ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਲਾਏ ਗਏ ਪੰਡਾਲਾਂ ਵਿਚ ਮੌਜੂਦ ਸ਼ਰਧਾਲੂ ਸੋਸ਼ਲ ਡਿਸਟੈਂਸਿੰਗ ਫਾਲੋਅ ਕਰਦੇ ਵੇਖੇ ਗਏ। ਇਸ ਵਾਰ ਸ਼ਰਧਾਲੂਆਂ ਦੀ ਭੀੜ ਬਹੁਤ ਘੱਟ ਸੀ ਕਿਉਂਕਿ ਮੀਂਹ ਪੈਣ ਅਤੇ ਕੋਰੋਨਾ ਵਾਇਰਸ ਦੇ ਡਰ ਕਾਰਨ ਘੱਟ ਸਿੱਖ ਸ਼ਰਧਾਲੂ ਹੀ ਦਰਬਾਰ ਸਾਹਿਬ ਪੁੱਜੇ। ਦਰਬਾਰ ਸਾਹਿਬ ਕੰਪਲੈਕਸ ਵਿਚ ਅਤੇ ਆਸ ਪਾਸ ਕਮਾਂਡੋ ਸਮੇਤ ਭਾਰੀ ਪੁਲਿਸ ਫੋਰਸ ਨੂੰ ਲਗਾਇਆ ਗਿਆ ਸੀ।