ਐਸ ਏ ਐਸ ਨਗਰ, 21 ਅਗਸਤ- ਬਹੁਚਰਚਿਤ ਮੁਲਤਾਨੀ ਅਗਵਾ ਅਤੇ ਕਤਲ ਮਾਮਲੇ ਵਿੱਚ ਪੰਜਾਬ ਦੇ ਸਾਬਕਾ ਡੀ ਜੀ ਪੀ ਸੁਮੇਧ ਸੈਣੀ ਬੁਰੀ ਤਰ੍ਹਾਂ ਫਸ ਗਏ ਹਨ| ਇਸ ਸੰਬੰਧੀ ਮੁਹਾਲੀ ਦੀ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਰਸਵੀਨ ਕੌਰ ਦੀ ਅਦਾਲਤ ਨੇ ਸੈਣੀ ਦੇ ਖਿਲਾਫ ਦਰਜ ਐਫ ਆਈ ਆਰ ਵਿੱਚ ਆਈ ਪੀ ਸੀ ਦੀ ਧਾਰਾ 302 ਨੂੰ ਸ਼ਮਿਲ ਕਰਨ ਦੇ ਹੁਕਮ ਜਾਰੀ ਕੀਤੇ ਹਨ| ਹਾਲਾਂਕਿ ਅਦਾਲਤ ਵਲੋਂ ਕਿਹਾ ਗਿਆ ਹੈ ਕਿ ਇਸ ਮਾਮਲੇ ਵਿੱਚ ਸਾਬਕਾ ਡੀ ਜੀ ਪੀ ਸੈਣੀ ਨੂੰ ਗ੍ਰਿਫਤਾਰ ਕਰਨ ਤੋਂ ਪਹਿਲਾਂ ਉਸਨੂੰ ਤਿੰਨ ਦਿਨਾਂ ਦਾ ਅਗਾਉਂ ਨੋਟਿਸ ਦਿੱਤਾ ਜਾਵੇ|
ਇਸ ਸੰਬੰਧੀ ਸਰਕਾਰੀ ਧਿਰ ਵਲੋਂ ਅਦਾਲਤ ਵਿੱਚ ਅਰਜੀ ਦਿੱਤੀ ਗਈ ਸੀ ਕਿ ਮੁਲਤਾਨੀ ਅਗਵਾ ਕੇਸ ਵਿੱਚ 6 ਮਈ 2020 ਨੂੰ ਆਈ ਪੀ ਸੀ ਦੀ ਧਾਰਾ 364, 201, 334, 330, 219, 120 ਬੀ ਤਹਿਤ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਸੈਣੀ ਦੇ ਨਾਲ ਸ਼ਾਮਿਲ ਚੰਡੀਗੜ੍ਹ ਪੁਲੀਸ ਦੇ ਦੋ ਸਾਬਕਾ ਅਧਿਕਾਰੀ ਜਗੀਰ ਸਿੰਘ ਅਤੇ ਕੁਲਦੀਪ ਸਿੰਘ ਇਸ ਕੇਸ ਵਿੱਚ ਸੁਮੇਧ ਸੈਣੀ ਦੇ ਖਿਲਾਫ ਵਾਇਦਾ ਮੁਆਫ ਗਵਾਹ ਬਣ ਗਏ ਹਨ ਅਤੇ ਉਹਨਾਂ ਵਲੋਂ ਅਦਾਲਤ ਵਿੱਚ ਆਪਣੇ ਬਿਆਨ ਵੀ ਦਰਜ ਕਰਵਾਏ ਜਾ ਚੁੱਕੇ ਹਨ|
ਇਸ ਸੰਬੰਧੀ ਸਰਕਾਰੀ ਧਿਰ ਵਲੋਂ ਕਿਹਾ ਗਿਆ ਸੀ ਕਿ ਜਮਾਨਤ ਤੇ ਚਲ ਰਹੇ ਕਿਸੇ ਵੀ ਮੁਲਜਿਮ ਦੇ ਖਿਲਾਫ ਚਲ ਰਹੇ ਕਿਸੇ ਕੇਸ ਵਿੱਚ ਨਵੀਂ ਧਾਰਾ ਸ਼ਾਮਿਲ ਕਰਨ ਤੋਂ ਪਹਿਲਾਂ ਅਤਦਾਲਤ ਤੋਂ ਪ੍ਰਵਾਨਗੀ ਲੈਣੀ ਜਰੁਰੀ ਹੈ ਇਸ ਲਈ ਅਦਾਲਤ ਵਲੋਂ ਇਸ ੰਸਬੰਧੀ ਹੁਕਮ ਜਾਰੀ ਕੀਤੇ ਜਾਣ|
ਇਸ ਸੰਬੰਧੀ ਜਾਰੀ ਅਦਾਲਤੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਇਹਨਾਂ ਦੋਵਾਂ ਗਵਾਹਾਂ ਵਲੋਂ ਅਦਾਲਤ ਵਿੱਚ ਦਰਜ ਕਰਵਾਏ ਬਿਆਨ ਜਾਹਿਰ ਕਰਦੇ ਹਨ ਕਿ ਇਹ ਸਾਰੇ ਬਲਵੰਤ ਸਿੰਘ ਮੁਲਤਾਨੀ ਤੇ ਕੀਤੇ ਗਏ ਅਣਮਨੁੱਖੀ ਜੁਲਮ ਅਤੇ ਉਸਦੇ ਯੋਜਨਾਬੱਧ ਕਤਲ ਦੇ ਮਾਮਲੇ ਵਿੱਚ ਸ਼ਾਮਿਲ ਸਨ ਅਤੇ ਇਹ 1991 ਦੇ ਇਸ ਜੁਲਮ ਦੇ ਮਾਮਲੇ ਦੇ ਚਸ਼ਮਦੀਦ ਗਵਾਹ ਹਨ| ਅਦਾਲਤ ਵਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਬੀਤੀ 6 ਮਈ 2020 ਨੂੰ ਦਰਜ ਕੀਤੀ ਗਈ ਐਫ ਆਈ ਆਰ ਵਿੱਚ ਧਾਰਾ 302 ਜੋੜੀ ਜਾਵੇ|