ਨਵੀਂ ਦਿੱਲੀ, 8 ਅਗਸਤ – ਜੰਮੂ ਕਸ਼ਮੀਰ ਦੇ ਸਾਬਕਾ ਉਪ ਰਾਜਪਾਲ ਗਿਰੀਸ਼ ਚੰਦਰ ਮੁਰਮੂ ਨੇ ਕੰਟਰੋਲਰ ਅਤੇ ਆਡੀਟਰ ਜਨਰਲ (ਕੈਗ) ਅਹੁਦੇ ਦੀ ਸਹੁੰ ਚੁੱਕੀ| ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸ਼੍ਰੀ ਮੁਰਮੂ ਨੂੰ ਅਹੁਦੇ ਦੀ ਸਹੁੰ ਚੁਕਾਈ| ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਸਮਾਰੋਹ ਵਿੰਚ ਉੱਪ ਰਾਸ਼ਟਰਪਤੀ ਐਮ. ਵੈਂਕਈਆ ਨਾਇਡੂ, ਲੋਕ ਸਭਾ ਸਪੀਕਰ ਓਮ ਬਿਰਲਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦਿੱਗਜ ਹਾਜ਼ਰ ਸਨ| ਸ਼੍ਰੀ ਮੁਰਮੂ ਦੇਸ਼ ਦੇ 14ਵੇਂ ਕੈਗ ਮੁਖੀ ਹਨ| ਉਨ੍ਹਾਂ ਨੇ ਰਾਜੀਵ ਮਹਿਰਿਸ਼ੀ ਦੇ ਸਥਾਨ ਤੇ ਇਹ ਜ਼ਿੰਮੇਵਾਰੀ ਸੰਭਾਲੀ ਹੈ| ਸ਼੍ਰੀ ਮੁਰਮੂ ਨੇ ਈਸ਼ਵਰ ਦੇ ਨਾਂ ਤੇ ਹਿੰਦੀ ਵਿੱਚ ਅਹੁਦੇ ਦੀ ਸਹੁੰ ਚੁੱਕੀ|
ਓਡੀਸ਼ਾ ਦੇ ਮਊਰਭੰਜ ਵਿੱਚ 21 ਨਵੰਬਰ 1959 ਨੂੰ ਜਨਮੇ ਸ਼੍ਰੀ ਮੁਰਮੂ 1985 ਬੈਚ ਦੇ ਗੁਜਰਾਤ ਤੋਂ ਭਾਰਤੀ ਪ੍ਰਸ਼ਾਸਨਿਕ ਸੇਵਾ ਦੇ ਅਧਿਕਾਰੀ ਹਨ| ਨਰਿੰਦਰ ਮੋਦੀ ਸਰਕਾਰ ਨੇ ਪਿਛਲੇ ਸਾਲ ਉਨ੍ਹਾਂ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦਾ ਪਹਿਲਾ ਉੱਪ ਰਾਜਪਾਲ ਨਿਯੁਕਤ ਕੀਤਾ ਸੀ| ਉਹ ਇਸ ਅਹੁਦੇ ਤੇ ਪਿਛਲੇ ਸਾਲ 31 ਅਕਤੂਬਰ ਨੂੰ ਨਿਯੁਕਤ ਹੋਏ ਅਤੇ ਇਸ ਸਾਲ 5 ਅਗਸਤ ਤੱਕ ਰਹੇ| ਉਨ੍ਹਾਂ ਨੇ ਅਚਾਨਕ ਬੁੱਧਵਾਰ ਨੂੰ ਜੰਮੂ-ਕਸ਼ਮੀਰ ਦੇ ਉੱਪ ਰਾਜਪਾਲ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ| ਪ੍ਰਧਾਨ ਮੰਤਰੀ ਦੇ ਭਰੋਸੇਮੰਦ ਨੌਕਰਸ਼ਾਹ ਸ਼੍ਰੀ ਮੁਰਮੂ, ਸ਼੍ਰੀ ਮੋਦੀ ਦੇ ਗੁਜਰਾਤ ਦੇ ਮੁੱਖ ਮੰਤਰੀ ਰਹਿਣ ਦੌਰਾਨ ਉਨ੍ਹਾਂ ਦੇ ਪ੍ਰਧਾਨ ਸਕੱਤਰ ਦੀ ਜ਼ਿੰਮੇਵਾਰੀ ਵੀ ਨਿਭਾ ਚੁਕੇ ਹਨ| ਕੈਗ ਦੀ ਨਿਯੁਕਤੀ 6 ਸਾਲ ਲਈ ਜਾਂ ਫਿਰ 65 ਸਾਲ ਦੀ ਉਮਰ ਪੂਰੀ ਹੋਣ ਤੱਕ, ਇਸ ਵਿੱਚੋਂ ਜੋ ਵੀ ਪਹਿਲਾਂ ਹੋਵੇ, ਤੱਕ ਹੁੰਦੀ ਹੈ|