ਸਰੀ, 29 ਅਗਸਤ, 2020 : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਅਤੇ ਆਰਸੀਐਮਪੀ ਨੇ ਸ਼ੁੱਕਰਵਾਰ ਨੂੰ ਬੀਸੀ ਵਿੱਚ ਪੈਸੀਫਿਕ ਹਾਈਵੇ ਟਰੈਕਟਰ – ਟ੍ਰੇਲਰ ਵਿੱਚੋਂ ਅਫੀਮ, ਭੁੱਕੀ ਅਤੇ ਪੌਪੀ ਪਲਾਂਟਸ ਫੜੇ ਹਨ, ਜਿਨ੍ਹਾਂ ਦੀ ਕੀਮਤ 58 ਹਜਾਰ ਡਾਲਰ ਦੱਸੀ ਜਾਂਦੀ ਹੈ।
ਪ੍ਰਾਪਤ ਸੂਚਨਾ ਅਨੁਸਾਰ 12 ਅਗਸਤ ਨੂੰ, ਪੈਸੀਫਿਕ ਹਾਈਵੇਅ ਤੇ ਸੀਬੀਐਸਏ ਅਧਿਕਾਰੀਆਂ ਨੇ ਇੱਕ ਵਪਾਰਕ ਟਰੱਕ ਡਰਾਈਵਰ ਨੂੰ ਵਧੇਰੇ ਜਾਂਚ ਲਈ ਰੋਕਿਆ ਤਾਂ ਟਰੈਕਟਰ ਅਤੇ ਟ੍ਰੇਲਰ ਦੀ ਐਕਸ-ਰੇ ਵਿਚ ਸ਼ੱਕੀ ਵਸਤਾਂ ਸਾਹਮਣੇ ਆਈਆਂ। ਅਧਿਕਾਰੀਆਂ ਨੇ ਹੋਰ ਜਾਂਚ ਪੜਤਾਲ ਕੀਤੀ ਅਤੇ ਉਨ੍ਹਾਂ ਨੂੰ ਸੱਤ ਡੱਬੇ ਮਿਲੇ ਜਿਨ੍ਹਾਂ ਵਿਚ ਅਫੀਮ ਭੁੱਕੀ ਦੇ ਪੌਦੇ (ਪੋਲੀਆਂ ਸਮੇਤ) ਸਨ ਜਿਨ੍ਹਾਂ ਦਾ ਵਜ਼ਨ 29 ਕਿਲੋਗ੍ਰਾਮ ਹੈ।
ਅਧਿਕਾਰੀਆਂ ਨੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਅਤੇ ਸ਼ੱਕੀ ਅਫੀਮ ਭੁੱਕੀ ਦੇ ਪੌਦਿਆਂ ਨੂੰ ਆਰਸੀਐਮਪੀ ਦੇ ਫੈਡਰਲ ਸੀਰੀਅਸ ਆਰਗੇਨਾਈਜ਼ਡ ਕ੍ਰਾਈਮ ਯੂਨਿਟ ਦੇ ਹਵਾਲੇ ਕਰ ਦਿੱਤਾ। ਡਰਾਈਵਰ ਨੂੰ ਬਾਅਦ ਵਿਚ ਛੱਡ ਦਿੱਤਾ ਗਿਆ ਪਰ ਜਾਂਚ ਅਜੇ ਜਾਰੀ ਹੈ।