ਸਰੀ, 31 ਜੁਲਾਈ 2020 – ਸਰੀ ਦੇ ਵਸਨੀਕ ਗਗਨਪ੍ਰੀਤ ਸਿੰਘ ਦਿਓਲ ਅਤੇ ਉਸ ਦੀ ਪਤਨੀ ਹਰਪ੍ਰੀਤ ਦਿਓਲ ਦਾ 11 ਮਹੀਨੇ ਦਾ ਮਾਸੂਮ ਬੱਚਾ ਆਰੀਅਨ ਦਿਓਲ ‘ਸਪਾਈਨਲ ਮਸਕਿਊਲਰ ਐਟ੍ਰੋਫ਼ੀ (ਐਸਐਮਏ)’ ਨਾਂਅ ਦੀ ਬਿਮਾਰੀ ਤੋਂ ਪੀੜਤ ਹੈ ਅਤੇ ਉਸ ਦੇ ਇਲਾਜ ਉਪਰ ਲਗਭਗ 3 ਮਿਲੀਅਨ ਡਾਲਰ ਖਰਚ ਆਉਣਗੇ।
ਆਰੀਅਨ ਦੀ ਮਾਂ ਹਰਪ੍ਰੀਤ ਦਿਓਲ ਨੇ ਦੱਸਿਆ ਕਿ ਜਦੋਂ ਆਰੀਅਨ ਦਾ ਜਨਮ ਹੋਇਆ, ਉਸ ਵੇਲੇ ਉਹ ਬਿਲਕੁਲ ਤੰਦਰੁਸਤ ਸੀ। ਜਨਮ ਤੋਂ ਪੰਜ ਮਹੀਨੇ ਬਾਅਦ ਉਸ ਦੀਆਂ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਣੀ ਸ਼ੁਰੂ ਹੋ ਗਈ। ਉਹ ਆਰੀਅਨ ਨੂੰ ਪਹਿਲਾਂ ਸਰੀ ਮੈਮੋਰੀਅਲ ਹਸਪਤਾਲ ਲੈ ਕੇ ਗਏ, ਜਿੱਥੋਂ ਉਸ ਨੂੰ ਬੀ.ਸੀ. ਚਿਲਡਰਨਜ਼ ਹਸਪਤਾਲ ਵਿੱਚ ਰੈਫ਼ਰ ਕਰ ਦਿੱਤਾ ਗਿਆ। ਉੱਥੇ ਡਾਕਟਰਾਂ ਨੇ ਦੱਸਿਆ ਕਿ ਆਰੀਅਨ ਨੂੰ ‘ਸਪਾਈਨਲ ਮਸਕਿਊਲਰ ਐਟ੍ਰੋਫ਼ੀ’ ਬਿਮਾਰੀ ਹੈ, ਜੋ ਪਹਿਲੀ ਸਟੇਜ ‘ਤੇ ਹੈ। ਡਾਕਟਰਾਂ ਅਨੂਸਾਰ ਆਰਿਅਨ ਦੇ ਇਲਾਜ ‘ਤੇ ਲਗਭਗ 2.8 ਮਿਲੀਅਨ ਡਾਲਰ ਖਰਚ ਆਵੇਗਾ।
ਬੱਚੇ ਦੀ ਗੰਭੀਰ ਬਿਮਾਰੀ ਅਤੇ ਉਸ ਦੇ ਇਲਾਜ ‘ਤੇ ਏਨਾ ਵੱਡਾ ਖਰਚਾ ਗਗਨਪ੍ਰੀਤ ਦਿਓਲ ਅਤੇ ਹਰਪ੍ਰੀਤ ਦਿਓਲ ਦੇ ਵੱਸੋਂ ਬਾਹਰੀ ਗੱਲ ਹੈ ਪਰ ਫੇਰ ਵੀ ਉਨ੍ਹਾਂ ਹਿੰਮਤ ਨਹੀਂ ਹਾਰੀ ਅਤੇ ਆਪਣੇ ਬੱਚੇ ਦੇ ਇਲਾਜ ਲਈ ਫੰਡ ਕਰਨ ਵਾਸਤੇ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਅਤੇ ਉਨ੍ਹਾਂ ਦੀ ਅਪੀਲ ਤੇ ਹੁਣ ਤੱਕ ਕੋਲ 1,735,000 ਡਾਲਰ ਇਕੱਠੇ ਹੋ ਚੁੱਕੇ ਹਨ।
ਇਸੇ ਦੌਰਾਨ ਪੰਜਾਬੀ ਫਿਲਮਾਂ ਦੀ ਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਨੇ ਵੀ ਆਪਣੇ ਪ੍ਰਸੰਸਕਾਂ ਅਤੇ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਹੈ ਕਿ ਮਾਸੂਮ ਆਰੀਅਨ ਦਿਓਲ ਦੀ ਜਾਨ ਬਚਾਉਣ ਲਈ ਵੱਧ ਤੋਂ ਵੱਧ ਆਰਥਿਕ ਮਦਦ ਕੀਤੀ ਜਾਵੇ। ਦਿਓਲ ਪਰਿਵਾਰ ਦੀ ਮਦਦ ਲਈ https://ca.gofundme.com/f/aryan039s-fight-against-sma ‘ਤੇ ਜਾ ਕੇ ਕੋਈ ਵੀ ਦਾਨੀ ਸੱਜਣ ਆਪਣਾ ਬਣਦਾ ਯੋਗਦਾਨ ਪਾ ਸਕਦਾ ਹੈ।