ਬਠਿੰਡਾ, 30 ਮਈ, 2020 : ਖ਼ਜ਼ਾਨਾ ਮੰਤਰੀ ਪੰਜਾਬ ਮਨਪ੍ਰੀਤ ਸਿੰਘ ਬਾਦਲ ਨੇ ਅੱਜ ਸ਼ਹਿਰ ਦੇ ਰਾਜਿੰਦਰਾ ਕਾਲਜ ਵੱਲ ਸੁਵੱਲੀ ਨਜ਼ਰ ਨਾਲ ਦੇਖਿਆ ਹੈ। ਇਸ ਮੌਕੇ ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਸ਼ਹਿਰ ਦਾ ਵੱਕਾਰੀ ਸਰਕਾਰੀ ਵਿਦਿਅਕ ਅਦਾਰਾ ਹੈ ਜਿਸ ਦੇ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਸੂਬਾ ਸਰਕਾਰ ਮਦਦ ਕਰੇਗੀ।
ਉਨ੍ਹਾਂ ਡਿਪਟੀ ਕਮਿਸ਼ਨਰ ਬਠਿੰਡਾ ਬੀ ਸ੍ਰੀ ਨਿਵਾਸਨ ਨੂੰ ਇਸ ਸਬੰਧੀ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ। ਸ਼ਹਿਰ ਦਾ ਸਰਕਾਰੀ ਰਾਜਿੰਦਰਾ ਕਾਲਜ ਕਾਫੀ ਪੁਰਾਣਾ ਹੈ, ਜਿੱਥੇ 4 ਹਜਾਰ ਤੋਂ ਵੱਧ ਵਿਦਿਆਰਥੀ ਪੜਦੇ ਹਨ, ਨੂੰ ਸਰਕਾਰ ਬਣਨ ਦੇ ਪਿਛਲੇ ਕਰੀਬ ਪੌਣੇ ਤਿੰਨ ਵਰ੍ਹੇ ਕੋਈ ਫੰਡ ਨਹੀਂ ਮਿਲਿਆ ਸੀ।
ਕਾਲਜ ਦਾ ਆਡੀਟੋਰੀਅਮ ਅਤੇ ਤਿੰਨ ਮੰਜਿਲਾ ਹੋਸਟਲ ਨਕਾਰਾ ਹੋ ਚੁੱਕੇ ਹਨ। ਪੂਰਾ ਕੈਂਪਸ ਸਫ਼ੈਦੀ ਦੀ ਉਡੀਕ ਵਿਚ ਹੈ। ਕਾਲਜ 42 ਗੈਸਟ ਫੈਕਲਟੀ ਲੈਕਚਰਾਰਾਂ ਨਾਲ ਕੰਮ ਚਲਾ ਰਿਹਾ ਹੈ। ਲਾਇਬਰੇਰੀ ਨੂੰ ਕਿਤਾਬਾਂ ਲਈ ਕੋਈ ਫੰਡ ਨਹੀਂ ਮਿਲਿਆ।
ਪਤਾ ਲੱਗਿਆ ਹੈ ਕਿ ਕਾਲਜ ’ਚ ਲੰਘੀ 8 ਮਾਰਚ ਨੂੰ ਕਨਵੋਕੇਸ਼ਨ ਕੀਤੀ ਗਈ ਸੀ ਜਿਸ ਵਿਚ ਮੁੱਖ ਮਹਿਮਾਨ ਵਜੋਂ ਖ਼ਜ਼ਾਨਾ ਮੰਤਰੀ ਨੂੰ ਸੱਦਿਆ ਗਿਆ ਸੀ। ਦੱਸਿਆ ਜਾਂਦਾ ਹੈ ਕਿ ਉਦੋਂ ਫੰਡਾਂ ਦੀ ਮੰਗ ਵੀ ਰੱਖੀ ਗਈ ਸੀ ਤਾਂ ਖ਼ਜ਼ਾਨਾ ਮੰਤਰੀ ਨੇ ਕਾਲਜ ਨੂੰ ਦੋ ਕਰੋੜ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਸੀ। ਇਹੋ ਕਾਰਨ ਹੈ ਕਿ ਹੁਣ ਰਾਜਿੰਦਰਾ ਕਾਲਜ ਦੇ ਦਿਨ ਫਿਰਨ ਦੀ ਆਸ ਬਣੀ ਹੈ।
ਦੂਜੇ ਪਾਸੇ ਖ਼ਜ਼ਾਨਾ ਮੰਤਰੀ ਨੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕਰਕੇ ਉਨਾਂ ਨਾਲ ਬਠਿੰਡਾ ਸ਼ਹਿਰ ਦੇ ਵਿਕਾਸ ਕਾਰਜਾਂ ਸਬੰਧੀ ਚਰਚਾ ਕੀਤੀ। ਇਸ ਮੌਕੇ ਉਨਾਂ ਨੇ ਚੱਲ ਰਹੇ ਵਿਕਾਸ ਕਾਰਜਾਂ ਨੂੰ ਜਲਦ ਨੇਪਰੇ ਚਾੜਨ ਲਈ ਕਿਹਾ। ਉਨ੍ਹਾਂ ਆਖਿਆ ਕਿ ਵਿਕਾਸ ਕਾਰਜਾਂ ਲਈ ਫੰਡ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਵਿਕਾਸ ਪ੍ਰੋਜੈਕਟਾਂ ਨੂੰ ਸਮਾਂਬੱਧ ਤਰੀਕੇ ਨਾਲ ਪੂਰਾ ਕੀਤਾ ਜਾਵੇ। ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਦੇ 10 ਸਕੂਲਾਂ ਨੂੰ 17.12 ਕਰੋੜ ਰੁਪਏ ਨਾਲ ਆਧੂਨਿਕ ਸਹੁਲਤਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਉਨਾਂ ਨੇ ਹੁਣ ਮਾਲ ਰੋਡ ਸਥਿਤ ਸਕੂਲ ਦੀ ਵੀ ਪੂਰੀ ਇਮਾਰਤ ਨੂੰ ਦੁਬਾਰਾ ਬਣਾਉਣ ਦੀ ਗੱਲ ਆਖੀ। ਉਨ੍ਹਾਂ ਚੰਦਸਰ ਬਸਤੀ ਦੇ ਸਕੂਲ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਲਈ ਵੀ ਹੁਕਮ ਦਿੱਤੇ। ਖ਼ਜ਼ਾਨਾ ਮੰਤਰੀ ਨੇ ਕਿਹਾ ਕਿ ਉਨ੍ਹਾਂ ਦਾ ਟੀਚਾ ਹੈ ਕਿ ਸਾਡੇ ਵਿਦਿਆਰਥੀਆਂ ਨੂੰ ਵਿਸਵ ਪੱਧਰੀ ਸਿੱਖਿਆ ਸਹੁਲਤਾਂ ਮਿਲਣ।
ਖ਼ਜ਼ਾਨਾ ਮੰਤਰੀ ਨੇ ਦੱਸਿਆ ਕਿ ਬਠਿੰਡਾ ਸ਼ਹਿਰ ਦੇ ਬੱਸ ਸਟੈਂਡ, ਮਲਟੀ ਸਟੋਰੀ ਪਾਰਕਿੰਗ, ਆਡੀਟੋਰੀਅਮ ਅਤੇ ਸਟੇਡੀਅਮ ਦਾ ਨਿਰਮਾਣ ਕਾਰਜ ਵੀ ਸਾਰੀਆਂ ਅੜਚਨਾ ਦੂਰ ਕਰਕੇ ਜਲਦ ਸ਼ੁਰੂ ਕਰਵਾਇਆ ਜਾਵੇਗਾ। ਉਨ੍ਹਾਂ ਨੇ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ ਨੂੰ ਕਿਹਾ ਕਿ ਇਸ ਸਬੰਧੀ ਉਹ ਸਬੰਧਤ ਵਿਭਾਗਾਂ ਨਾਲ ਤਾਲਮੇਲ ਕਰਦੇ ਹੋਏ ਇਹ ਕੰਮ ਜਲਦੀ ਸ਼ੁਰੂ ਕਰਵਾਉਣ। ਇਸ ਤੋਂ ਇਲਾਵਾ ਸ਼ਹਿਰ ਦੇ ਪੰਜ ਪਾਰਕਾਂ ਦਾ ਸੁੰਦਰੀਕਰਨ ਵੀ ਹੋਣਾ ਹੈ।
ਫਲਾਈਓਵਰ ਲਈ ਟੈਂਡਰ ਅਲਾਟ : ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਦੱਸਿਆ ਕਿ ਬਠਿੰਡਾ ਦੇ ਲੋਕਾਂ ਨੂੰ ਮਿਆਰੀ ਬੁਨਿਆਦੀ ਢਾਂਚੇ ਦੀ ਉਪਲਬੱਧਤਾ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਉਨ੍ਹਾਂ ਨੇ ਦੱਸਿਆ ਕਿ ਅਮਰਪੁਰਾ ਬਸਤੀ ਵਿਖੇ 49.05 ਕਰੋੜ ਰੁਪਏ ਦੀ ਲਾਗਤ ਨਾਲ ਬਣਨ ਵਾਲੇ ਰੇਲਵੇ ਓਵਰ ਬਿ੍ਰਜ ਦਾ ਟੈਂਡਰ ਹੋ ਗਿਆ ਹੈ ਅਤੇ ਇਹ ਪੁਲ 18 ਮਹੀਨੇ ਵਿਚ ਬਣ ਕੇ ਤਿਆਰ ਹੋ ਜਾਵੇਗਾ। ਇਸੇ ਤਰਾਂ ਰਿੰਗ ਰੋਡ ਤੇ ਆਰ ਯੂ ਬੀ ਦਾ ਕੇਸ ਵੀ ਰੇਲਵੇ ਕੋਲ ਭੇਜਿਆ ਗਿਆ ਹੈ। ਇਸ ਤੋਂ ਬਿਨਾਂ ਸ਼ਹਿਰ ਦੀਆਂ ਤਿੰਨ ਪ੍ਰਮੁੱਖ ਸੜਕਾਂ ਬੀਬੀ ਵਾਲਾ ਰੋਡ, ਭਾਗੂ ਰੋਡ ਅਤੇ ਗਰੇਨ ਮਾਰਕਿਟ ਰੋਡ ਦੇ ਨਵੀਨੀਕਰਨ ਸਬੰਧੀ ਵੀ ਤਖਮੀਨੇ ਤਿਆਰ ਕਰਨ ਦੇ ਹੁਕਮ ਖ਼ਜ਼ਾਨਾ ਮੰਤਰੀ ਨੇ ਸਬੰਧਤ ਵਿਭਾਗ ਨੂੰ ਦਿੱਤੇ।
ਮੀਟਿੰਗ ’ਚ ਇਹ ਸਨ ਹਾਜਰ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਬੁਲਾਈ ਮੀਟਿੰਗ ’ਚ ਡਿਪਟੀ ਕਮਿਸ਼ਨਰ ਬੀ ਸ੍ਰੀ ਨਿਵਾਸਨ, ਕਮਿਸ਼ਨਰ ਨਗਰ ਨਿਗਮ ਬਿਰਕਮਜੀਤ ਸਿੰਘ ਸ਼ੇਰਗਿੱਲ, ਐਸ.ਡੀ.ਐਮ. ਅਮਰਿੰਦਰ ਸਿੰਘ ਟਿਵਾਣਾ, ਤਹਿਸਲੀਦਾਰ ਸੁਖਬੀਰ ਸਿੰਘ ਬਰਾੜ, ਮੰਡੀ ਬੋਰਡ ਦੇ ਕਾਰਜਕਾਰੀ ਇੰਜਨੀਅਰ ਵਿਪਨ ਖੰਨਾ , ਲੋਕ ਨਿਰਮਾਣ ਵਿਭਾਗ, ਜਲ ਸਪਲਾਈ ਅਤੇ ਸੈਨੀਟੇਸ਼ਨ, ਸਥਾਨਕ ਸਰਕਾਰਾਂ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕੇਕੇ ਅਗਰਵਾਲ, ਕਾਂਗਰਸ ਦੇ ਸ਼ਹਿਰੀ ਜਿਲਾ ਪ੍ਰਧਾਨ ਅਰੁਣ ਵਧਾਵਨ, ਕਾਂਗਰਸੀ ਆਗੂ ਪਵਨ ਮਾਨੀ, ਰਾਜਨ ਗਰਗ, ਜਗਰੂਪ ਗਿੱਲ ਅਤੇ ਅਸ਼ੋਕ ਪ੍ਰਧਾਨ ਆਦਿ ਹਾਜਰ ਸਨ