ਰੂਪਨਗਰ, 29 ਅਗਸਤ: ਜ਼ਿਲ੍ਹਾ ਰੂਪਨਗਰ ਵਿਚ ਟ੍ਰੈਫਿਕ ਦੇ ਪ੍ਰਬੰਧਾਂ ਸਬੰਧੀ ਆਮ ਲੋਕਾਂ ਤੋਂ ਵੱਡੀ ਗਿਣਤੀ ਵਿਚ ਮਿਲ ਰਹੀਆਂ ਸ਼ਿਕਾਇਤਾਂ ਦਾ ਨੋਟਿਸ ਲੈਂਦਿਆ ਅੱਜ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਅਤੇ ਪੁਲਿਸ ਵਿਭਾਗ ਨਾਲ ਇੱਕ ਉੱਚ ਪੱਧਰੀ ਮੀਟਿੰਗ ਕਰਦਿਆਂ ਆਦੇਸ਼ ਦਿੱਤੇ ਕਿ ਜਿਹੜੇ ਵੀ ਵਾਹਨ ਸੜਕਾਂ ਉਤੇ ਬਣੀ ਸਫੈਦ ਲਾਈਨ ਉਤੇ ਆਪਣੇ ਵਾਹਨ ਖੜੇ ਕਰਦੇ ਹਨ ਤਾਂ ਉਨ੍ਹਾਂ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਦੇ ਚਲਾਨ ਕੀਤੇ ਜਾਣ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਇਹ ਦੇਖਣ ਵਿਚ ਆਮ ਮਿਲਦਾ ਹੈ ਕਿ ਗਲਤ ਪਾਰਕਿੰਗ ਕਾਰਨ ਆਮ ਲੋਕਾਂ ਨੂੰ ਸ਼ਹਿਰਾਂ ਅਤੇ ਕਸਬਿਆਂ ਵਿਚ ਬੜੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ ਜਿਸ ਸਦਕਾ ਲੋਕਾਂ ਦਾ ਸਮਾਂ ਖਰਾਬ ਹੁੰਦਾ ਹੈ ਉਥੇ ਹੀ ਐਮਰਜੈਂਸੀ ਦੀ ਸਥਿਤੀ ਵਿਚ ਵੀ ਵਾਹਨਾਂ ਨੂੰ ਲੰਬੇ ਸਮੇਂ ਤੱਕ ਇੰਤਜ਼ਾਰ ਕਰਨਾ ਪੈਂਦਾ ਹੈ। ਇਨ੍ਹਾਂ ਤੱਥਾਂ ਨੂੰ ਧਿਆਨ ਵਿਚ ਰੱਖਦੇ ਹੋਏ ਹੁਣ ਪੁਲਿਸ ਵਿਭਾਗ ਦੇ ਟ੍ਰੈਫਿਕ ਵਿੰਗ ਵਲੋਂ ਇੱਕ ਵਿਆਪਕ ਮੁਹਿੰਮ ਚਲਾ ਕੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਦੇ ਹੋਏ ਚਲਾਨ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਉਹ ਖਾਸ ਤੌਰ ਉਤੇ ਸ਼ਹਿਰ ਰੂਪਨਗਰ ਵਿਚ ਸਤਲੁਜ ਦਰਿਆ ਉਤੇ ਸਥਿਤ ਵੇਰਕਾ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਚੌਂਕ ਅਤੇ ਸਿਵਲ ਹਸਪਤਾਲ ਤੋਂ ਲੈਕੇ ਬੰਦ ਕੀਤੇ ਪੁਰਾਣੇ ਪੁੱਲ ਤੱਕ ਟ੍ਰੈਫਿਕ ਕੇਵਲ ਗਲਤ ਪਾਰਕਿੰਗ ਕਰਕੇ ਪ੍ਰਭਾਵਿਤ ਹੁੰਦੀ ਹੈ ਅਤੇ ਇਸੇ ਤਰ੍ਹਾਂ ਹੀ ਜ਼ਿਲ੍ਹੇ ਬਾਕੀ ਸ਼ਹਿਰਾਂ ਵਿਚ ਵੀ ਬਾਜ਼ਾਰਾਂ ਅਤੇ ਸਰਕਾਰੀ ਦਫਤਰਾਂ ਨੂੰ ਜਾਂਦੀਆਂ ਸੜਕਾਂ ਉਤੇ ਵੀ ਗਲਤ ਪਾਰਕਿੰਗ ਕਰਕੇ ਆਮ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਡਾ. ਪ੍ਰੀਤੀ ਯਾਦਵ ਨੇ ਡੀਐਸਪੀ ਹੈਡਕੁਆਟਰ ਮੋਹਿਤ ਕੁਮਾਰ ਸਿੰਗਲਾ ਨੂੰ ਨਿਰਧਾਰਿਤ ਕੀਤੀਆਂ ਗਈਆਂ ਪਾਰਕਿੰਗ ਸਬੰਧੀ ਫੈਸਲੇ ਨੂੰ ਤੁਰੰਤ ਲਾਗੂ ਕਰਕੇ ਬਾਜ਼ਾਰ ਨਾਲ ਲਗਦੀਆਂ ਖਾਲੀ ਥਾਵਾਂ ਉਤੇ ਗੱਡੀਆਂ ਪਾਰਕ ਕਰਨ ਦੀ ਕਾਰਗੁਜ਼ਾਰੀ ਸ਼ੁਰੂ ਕਰਨ ਦੀ ਹਦਾਇਤ ਕੀਤੀ ਤਾਂ ਜੋ ਆਮ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਤੋਂ ਰਾਹਤ ਮਿਲੇ ਸਕੇ।
ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਾਨੂੰ ਹੋਰ ਨਾਗਰਿਕਾਂ ਦੀ ਸਹੂਲਤ ਲਈ ਕੇਵਲ ਸਹੀ ਥਾਂ ਉਤੇ ਹੀ ਪਾਰਕਿੰਗ ਕਰਨੀ ਚਾਹੀਦੀ ਹੈ ਅਤੇ ਵਿਸ਼ੇਸ਼ ਤੌਰ ਉਤੇ ਜ਼ਿਆਦਾ ਟ੍ਰੈਫਿਕ ਵਾਲੀਆਂ ਸੜਕਾਂ ਉਤੇ ਪਾਰਕਿੰਗ ਕਰਨ ਤੋਂ ਬੱਚਣਾ ਚਾਹੀਦਾ ਹੈ।
ਇਸ ਉਪਰੰਤ ਉਨ੍ਹਾਂ ਪੁਲਿਸ ਵਿਭਾਗ ਦੀ ਗੁਜਾਰਿਸ਼ ਉਤੇ ਭਰੋਸਾ ਦਿੰਦਿਆਂ ਕਿਹਾ ਕਿ ਜਲਦ ਰੂਪਨਗਰ ਪੁਲਿਸ ਨੂੰ ਲੋੜ ਅਨੁਸਾਰ ਅਲਕੋਹਲ ਅਤੇ ਸਪੀਡੋ ਮੀਟਰ ਮੁਹੱਈਆ ਕਰਵਾਏ ਜਾਣਗੇ ਤਾਂ ਜੋ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੇ ਜਾਨੀ ਮਾਲੀ ਨੁਕਸਾਨ ਨੂੰ ਘਟਾਇਆ ਜਾ ਸਕੇ।
ਇਸ ਉਪਰੰਤ ਡਿਪਟੀ ਕਮਿਸ਼ਨਰ ਨੇ ਕਾਰਜਸਾਧਕ ਅਫਸਰ ਨਗਰ ਕੌਂਸਲ ਰੂਪਨਗਰ ਅਸ਼ੋਕ ਕੁਮਾਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਵਰਖਾ ਤੋਂ ਬਾਅਦ ਸ਼ਹੀਦ ਭਗਤ ਸਿੰਘ ਚੌਂਕ ਤੋਂ ਹਰਗੋਬਿੰਦ ਨਗਰ ਵਾਲੇ ਪਾਸੇ, ਸ਼ਰਮਾ ਹਸਪਤਾਲ, ਗਿਆਨੀ ਜੈਲ ਸਿੰਘ ਨਗਰ ਅਤੇ ਸਕੱਤਰੇਤ ਦੇ ਨੇੜੇ ਪਾਣੀ ਖੜਾ ਹੁੰਦਾ ਹੈ ਜਿਸ ਦੀ ਤੇਜ਼ੀ ਨਾਲ ਨਿਕਾਸੀ ਨੂੰ ਯਕੀਨੀ ਕਰਨ ਲਈ ਨਾਲੀਆਂ ਅਤੇ ਡਰੈਨ ਵਾਟਰ ਨਿਕਾਸੀ ਨੂੰ ਫੌਰੀ ਦਰੁਸਤ ਕੀਤਾ ਜਾਵੇ।
ਉਨ੍ਹਾਂ ਕਿਹਾ ਕਿ ਹਾਈਵੇਅ ਨਾਲ ਜੁੜਦੀਆਂ ਸਾਰੀਆਂ ਲਿੰਕ ਰੋਡਾਂ ਉਤੇ ਸਪੀਡ ਬਰੈਕਰ ਬਣਾਏ ਜਾਣ ਤੋਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਨੂੰ ਰੋਕਿਆ ਜਾ ਸਕੇ।
ਮੀਟਿੰਗ ਦੌਰਾਨ ਉਨ੍ਹਾਂ ਵਿਭਾਗਾਂ ਨੂੰ ਵਿਸ਼ੇਸ਼ ਹਦਾਇਤ ਕਰਦਿਆਂ ਕਿਹਾ ਕਿ ਬੂਟੇ ਲਗਾਉਣ ਦੀ ਮੁਹਿੰਮ ਅਧੀਨ ਜੇਕਰ ਕਿਸੇ ਨੂੰ ਬੂਟਿਆਂ ਦੀ ਸੁਰੱਖਿਆ ਲਈ ਟਰੀ-ਗਾਰਡ ਦੀ ਲੋੜ ਹੈ ਤਾਂ ਜੰਗਲਾਤ ਮਹਿਕਮੇ ਨਾਲ ਸੰਪਰਕ ਕੀਤਾ ਜਾਵੇ।