ਨਵੀਂ ਦਿ.ੱਲੀ, 1 ਅਗਸਤ – ਦੇਸ਼ ਭਰ ਵਿੱਚ ਅੱਜ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਦੀਆਂ ਰੌਣਕਾਂ ਹਨ| ਈਦ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ| ਦੇਸ਼ ਵਿੱਚ ਕਈ ਮਸੀਤਾਂ ਵਿੱਚ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਹਨ| ਇਸ ਵਾਰ ਈਦ ਦਾ ਇਹ ਮੌਕਾ ਕੋਰੋਨਾ ਵਾਇਰਸ ਕਾਲ ਵਿਚ ਆਇਆ ਹੈ| ਇਸ ਵਜ੍ਹਾਂ ਕਰ ਕੇ ਨਮਾਜ਼ ਪੜ੍ਹਦੇ ਸਮੇਂ ਵੀ ਲੋਕਾਂ ਨੇ ਸਾਵਧਾਨੀ ਵਰਤੀ| ਦਿੱਲੀ ਸਥਿਤੀ ਜਾਮਾ ਮਸੀਤ ਤੇ ਨਮਾਜ਼ ਅਦਾ ਕੀਤੀ ਗਈ| ਇਸ ਦੌਰਾਨ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਵੇਖੀ ਗਈ|
ਕੋਰੋਨਾ ਆਫਤ ਦੇ ਚੱਲਦੇ ਜਾਮਾ ਮਸੀਤ ਵਿੱਚ ਨਮਾਜ਼ ਅਦਾ ਕਰਨ ਆਏ ਲੋਕਾਂ ਨੂੰ ਵਾਰ-ਵਾਰ ਮਸੀਤ ਪ੍ਰਸ਼ਾਸਨ ਨੇ ਪੂਰੀ ਦੂਰੀ ਬਣਾ ਕੇ ਨਮਾਜ਼ ਅਦਾ ਕਰਨ ਦੀ ਅਪੀਲ ਕੀਤੀ| ਜਾਮਾ ਮਸੀਤ ਵਿੱਚ ਤਾਇਨਾਤ ਪੁਲੀਸ ਮੁਲਾਜ਼ਮਾਂ ਨੇ ਥਰਮਲ ਸਕ੍ਰੀਨਿੰਗ ਕਰਨ ਤੋਂ ਬਾਅਦ ਹੀ ਲੋਕਾਂ ਨੂੰ ਮਸੀਤ ਅੰਦਰ ਜਾਣ ਦਿੱਤਾ|
ਜਾਮਾ ਮਸੀਤ ਦੌਰਾਨ ਕਈ ਤਸਵੀਰਾਂ ਸਾਹਮਣੇ ਆਈਆਂ| ਕੁਝ ਲੋਕਾਂ ਨੇ ਮਸੀਤ ਦੀਆਂ ਪੌੜੀਆਂ ਤੇ ਬੈਠ ਕੇ ਨਮਾਜ਼ ਅਦਾ ਕੀਤੀ| ਇਸ ਦੌਰਾਨ ਲੋਕਾਂ ਦੇ ਚਿਹਰਿਆਂ ਤੇ ਮਾਸਕ ਨਜ਼ਰ ਆਏ| ਕੋਰੋਨਾ ਆਫਤ ਵਿਚ ਕੁਝ ਨਮਾਜ਼ੀ ਸਮਾਜਿਕ ਦੂਰੀ ਦਾ ਪਾਲਣ ਕਰਦੇ ਨਜ਼ਰ ਆਏ ਤਾਂ ਉੱਥੇ ਹੀ ਕੁਝ ਉਸ ਦਾ ਉਲੰਘਣ ਵੀ ਕਰਦੇ ਦਿੱਸੇ| ਮਸੀਤ ਵਿਚ ਅੱਗੇ ਬੈਠੇ ਲੋਕ ਤਾਂ ਦੂਰੀ ਬਣਾ ਕੇ ਨਮਾਜ਼ ਅਦਾ ਕਰ ਰਹੇ ਸਨ ਪਰ ਪਿੱਛੇ ਬੈਠੇ ਲੋਕ ਬੇਹੱਦ ਨੇੜੇ ਬੈਠ ਕੇ ਨਮਾਜ਼ ਅਦਾ ਕਰਦੇ ਨਜ਼ਰ ਆਏ|
ਜਿਕਰਯੋਗ ਹੈ ਕਿ ਈਦ-ਉਲ-ਫਿਤਰ ਤੋਂ ਬਾਅਦ ਈਦ-ਉਲ-ਅਜ਼ਹਾ ਯਾਨੀ ਕਿ ਬਕਰੀਦ ਮੁਸਲਮਾਨਾਂ ਦਾ ਦੂਜਾ ਸਭ ਤੋਂ ਵੱਡਾ ਤਿਉਹਾਰ ਹੈ| ਦੋਹਾਂ ਹੀ ਮੌਕੇ ਤੇ ਈਦਗਾਹ ਜਾ ਕੇ ਜਾਂ ਮਸੀਤਾਂ ਵਿਚ ਵਿਸ਼ੇਸ਼ ਨਮਾਜ਼ ਅਦਾ ਕੀਤੀ ਜਾਂਦੀ ਹੈ|