ਔਕਲੈਂਡ, 31 ਜੁਲਾਈ 2020 – ਨਿਊਜ਼ੀਲੈਂਡ ਦੇ ਵਿਚ ਵਿਆਹ ਨੂੰ ਵਿਧੀਪੂਰਵਕ ਰਜਿਸਟਰ ਕਰਨਾ ਹੋਵੇ ਤਾਂ ਦੇਸ਼ ਦਾ ‘ਇੰਟਰਨਲ ਵਿਭਾਗ’ ਅਹਿਮ ਭੂਮਿਕਾ ਅਦਾ ਕਰਦਾ ਹੈ। ਇਸ ਕਾਰਜ ਦੇ ਲਈ ਦੇਸ਼ ਦੇ ਇੰਟਰਨਲ (ਅੰਦਰੂਨੀ) ਵਿਭਾਗ ਵੱਲੋਂ ਮੈਰਿਜ ਸੈਲੀਬ੍ਰੈਂਟ ਨਿਯੁਕਤ ਕੀਤੇ ਜਾਂਦੇ ਹਨ। ਭਾਰਤੀ ਖਾਸ ਕਰ ਪੰਜਾਬੀ ਭਾਈਚਾਰੇ ਲਈ ਖੁਸ਼ੀ ਭਰੀ ਖਬਰ ਹੈ ਕਿ ਪਾਪਾਕੁਰਾ ਰਹਿੰਦੇ ਅਤੇ ਨਿਊਜ਼ੀਲੈਂਡ ਦੇ ਪਹਿਲੇ ਆਨ ਲਾਈਨ ਅਖਬਾਰ ‘ਪੰਜਾਬੀ ਹੈਰਲਡ’ ਦੇ ਸੰਪਾਦਕ ਹਰਜਿੰਦਰ ਸਿੰਘ ਬਸਿਆਲਾ ਜਿੱਥੇ ਬੀਤੇ ਕਈ ਸਾਲਾਂ ਤੋਂ ਜਸਟਿਸ ਆਫ ਦਾ ਪੀਸ (ਜੇ.ਪੀ.) ਦੀਆਂ ਸੇਵਾਵਾਂ ਕਮਿਊਨਿਟੀ ਨੂੰ ਦੇ ਰਹੇ ਹਨ ਉਥੇ ਅੱਜ ਉਨ੍ਹਾਂ ਨੂੰ ਨਿਊਜ਼ੀਲੈਂਡ ਦੇ ਅੰਦਰੂਨੀ ਵਿਭਾਗ ਵੱਲੋਂ ਮੈਰਿਜ ਸੈਲੀਬ੍ਰੰਟ ਵੀ ਨਿਯੁਕਤ ਕਰ ਦਿੱਤਾ ਗਿਆ ਹੈ। ਹਰਜਿੰਦਰ ਸਿੰਘ ਦਾ ਜੱਦੀ ਪਿੰਡ ਬਸਿਆਲਾ ਨੇੜੇ ਗੜ੍ਹਸ਼ੰਕਰ ਹੈ ਅਤੇ ਉਹ ਪਿਛਲੇ 13 ਸਾਲਾਂ ਤੋਂ ਇਥੇ ਪੱਕੇ ਰਹਿ ਰਹੇ ਹਨ।
ਜ਼ਿਕਰਯੋਗ ਹੈ ਕਿ ਹਰਜਿੰਦਰ ਸਿੰਘ ਬਸਿਆਲਾ ਇਕੱਲੇ ਪੱਤਰਕਾਰਿਤਾ ਦੇ ਦ੍ਰਿਸ਼ਟੀਕੋਣ ਤੋਂ ਹੀ ਨਹੀਂ ਬਲਕਿ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਨਿਊਜ਼ੀਲੈਂਡ ਵਿਚ ਵਸਦੇ ਭਾਈਚਾਰੇ ਨੂੰ ਹਰ ਪੱਖ ਤੋਂ ਆਪਣਾ ਸਹਿਯੋਗ ਦੇਣ ਲਈ ਹਮੇਸ਼ਾਂ ਤੱਤਪਰ ਰਹਿੰਦੇ ਹਨ। ਸ਼ਬਦਾਂ ਦੀ ਸਾਂਝ ਪਾਉਂਦੇ ਇਸ ਸੱਜਣ ਦੇ ਲਈ ਸੁਰਜੀਤ ਪਾਤਰ ਦੀ ਇਕ ਕਾਵਿ ਰੂਪ ਇੱਛਾ ਇਸਦੇ ਨਾਂਅ ਕਰਦਾ ਹਾਂ:-
“ਸਬਰ, ਖਿਮਾ ਤੇ ਭਲਕ, ਹੌਂਸਲਾ ਸਚਾਈ ਤੇ ਆਸ,
ਹਰੇਕ ਦੀਪ ਮੇਰੇ ਮਨ ‘ਚ ਬਾਲਣਾ ਸ਼ਬਦੋ”
ਮੈਰਿਜ ਸੈਲੀਬ੍ਰੰਟ ਦੀ ਇਹ ਨਿਯੁਕਤੀ ਮੈਰਿਜ ਐਕਟ 1955 ਦੇ ਸੈਕਸ਼ਨ 11 ਅਧੀਨ ਹੁੰਦੀ ਹੈ। ਨਿਊਜ਼ੀਲੈਂਡ ਦੇ ਵਿਚ ਕਾਨੂੰਨੀ ਵਿਆਹ ਸ਼ਾਦੀ ਦੇ ਲਈ ਇੰਟਰਨਲ ਵਿਭਾਗ ਨਾਲ ਸੰਪਰਕ ਕਰਨਾ ਹੁੰਦਾ ਹੈ ਅਤੇ ਮੈਰਿਜ ਸੈਲੀਬ੍ਰੰਟ ਇਸ ਵਿਆਹ ਨੂੰ ਦੋ ਗਵਾਹੀਆਂ ਦੇ ਅਧਾਰ ਉਤੇ ਤਸਦੀਕ ਕਰਕੇ ਸਹੀ ਪਾਉਂਦਾ ਹੈ। ਮੈਰਿਜ ਸੈਲੀਬ੍ਰੰਟ ਦੋਹਾਂ ਪਾਰਟੀਆਂ ਦੇ ਨਾਵਾਂ ਆਦਿ ਦੀ ਸੰਤੁਸ਼ਟੀ ਤੋਂ ਬਾਅਦ ਵਿਆਹ ਵਾਲੇ ਲਾਇਸੰਸ ਉਤੇ ਆਪਣੀ ਸਹੀ ਪਾਉਂਦਾ ਹੈ ਅਤੇ ਵਿਆਹ ਕਾਨੂੰਨੀ ਰੂਪ ਲੈ ਲੈਂਦਾ ਹੈ। ਮੈਰਿਜ ਸੈਲੀਬ੍ਰੰਟ ਇਨ੍ਹਾਂ ਸ਼ਾਦੀ ਵਿਆਹਾਂ ਦੀ ਰਜਿਸਟ੍ਰੇਸ਼ਨ ‘ਬਰਥ, ਡੈਥ ਅਤੇ ਮੈਰਿਜ਼ਜ’ ਵਿਭਾਗ ਕੋਲ ਕਰਾਉਣ ਲਈ ਜਰੂਰੀ ਕਾਗਜ਼ੀ ਕਾਰਵਾਈ ਪੂਰੀ ਕਰਦਾ ਹੈ। ਇਥੇ ਵਿਆਹ ਦੇ ਲਈ ਤੁਸੀਂ ਨਿੱਜੀ ਸਮਾਗਮ ਕਰ ਸਕਦੇ ਹੋ ਅਤੇ ਪ੍ਰਤਿਗਿਆ ਜਾਂ ਸੰਕਲਪ ਵਾਲੀ ਲਾਈਨ ਆਪਣੀ ਚੁਣ ਸਕਦੇ ਹੋ। ਇਸ ਤੋਂ ਇਲਾਵਾ ਰਜਿਸਟ੍ਰੀ ਸਮਾਗਮ ਵੀ ਹੁੰਦਾ ਹੈ ਜੋ ਕਿ ਹਫਤੇ ਦੇ ਕੰਮ ਵਾਲੇ ਦਿਨਾਂ ਦੇ ਵਿਚ ਨਿਰਧਾਰਤ ਜਗ੍ਹਾ ‘ਤੇ ਹੀ ਹੋ ਸਕਦਾ ਹੈ ਅਤੇ ਇਹ ਵੀਕਐਂਡ ਜਾਂ ਜਨਤਕ ਛੁੱਟੀ ਵਾਲੇ ਦਿਨ ਨਹੀਂ ਹੁੰਦਾ। ਇਥੇ ਸਮਾਗਮ ਦੇ ਲਈ 20 ਮਹਿਮਾਨਾਂ ਦੀ ਹੱਦ ਤੈਅ ਹੁੰਦੀ ਹੈ। ਇਸਦੇ ਲਈ ਨਿਸ਼ਚਤ ਪ੍ਰਤਿਗਿਆ ਅਤੇ ਸੰਕਲਪ ਵਾਲੀਆਂ ਲਾਈਨਾਂ ਹੁੰਦੀਆਂ ਹਨ। ਪੰਜਾਬੀ ਮੀਡੀਆ ਕਰਮੀਆਂ ਵੱਲੋਂ ਸ. ਹਰਜਿੰਦਰ ਸਿੰਘ ਬਸਿਆਲਾ ਨੂੰ ਆਜ਼ਾਦ ਮੈਰਿਜ ਸੈਲੀਬ੍ਰੰਟ ਬਨਣ ਉਤੇ ਬਹੁਤ ਬਹੁਤ ਮੁਬਾਰਕਾਂ!