ਬੁਢਲਾਡਾ, 13 ਸਤੰਬਰ 2023 : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਪੰਜਾਬ ਦੀਆਂ ਨੌਕਰੀਆਂ ਹਰਿਆਣਾ ਤੇ ਰਾਜਸਥਾਨ ਦੇ ਬਾਹਰਲੇ ਲੋਕਾਂ ਲਈ ਖੋਲ੍ਹਣ ਦਾ ਮਕਸਦ ਦੋਵਾਂ ਰਾਜਾਂ ਵਿਚ ਆਉਂਦੀਆਂ ਵਿਧਾਨ ਸਭਾ ਚੋਣਾਂ ਵਿਚ ਲਾਹਾ ਲੈਣਾ ਹੈ। ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਵੱਲੋਂ ਕਰਵਾਏ ਯੂਥ ਮਿਲਣੀ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਜ਼ੋਰ ਦੇ ਕੇ ਕਿਹਾ ਕਿ ਪੰਜਾਬੀ ਅਤੇ ਪੰਜਾਬ ਦੇ ਇਤਿਹਾਸ ਤੇ ਸਭਿਆਚਾਰ ਨੂੰ ਖੋਰਾ ਲਗਾ ਕੇ ਪੰਜਾਬ ਦੇ ਨੌਜਵਾਨਾਂ ਦੀ ਕੀਮਤ ’ਤੇ ਬਾਹਰਲਿਆਂ ਵਾਸਤੇ ਰਾਹ ਪੱਧਰਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਜੋ ਆਪਣੇ ਆਕਾ ਸ੍ਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਅਨੁਸਾਰ ਕੰਮ ਕਰ ਰਹੇ ਹਨ, ਵੱਲੋਂ ਨੌਜਵਾਨਾਂ ਨਾਲ ਕੀਤਾ ਗਿਆ, ਇਹ ਸਭ ਤੋਂ ਵੱਡਾ ਧੋਖਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਹਾਲ ਹੀ ਵਿਚ ਮਾਨਸਾ ਵਿਚ ਭਰਤੀ ਕੀਤੇ ਗਏ 7 ਸਬ ਇੰਸਪੈਕਟਰਾਂ ਵਿਚੋਂ ਛੇ ਹਰਿਆਣਾ ਤੋਂ ਹਨ। ਉਹਨਾਂ ਕਿਹਾ ਕਿ ਇਥੇ ਹੀ ਬੱਸ ਨਹੀਂ ਹੈ। ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ ਵੱਲੋਂ ਭਰਤੀ ਕੀਤੇ ਗਏ 1370 ਲਾਈਨਾਂ ਵਿਚੋਂ 534 ਹਰਿਆਣਾ ਅਤੇ 94 ਰਾਜਸਥਾਨ ਤੋਂ ਹਨ। ਉਹਨਾਂ ਕਿਹਾ ਕਿ ਇਸੇ ਤਰੀਕੇ ਪਸ਼ੂ ਪਾਲਣ ਵਿਭਾਗ ਵਿਚ 2022 ਵਿਚ ਭਰਤੀ ਕੀਤੇ ਗਏ 68 ਵੈਟਨਰੀ ਇੰਸਪੈਕਟਰਾਂ ਵਿਚੋਂ 24 ਹਰਿਆਣਾ ਤੇ 12 ਰਾਜਸਥਾਨ ਤੋਂ ਸਨ। ਉਹਨਾਂ ਕਿਹਾ ਕਿ ਇਸੇ ਵਿਭਾਗ ਵਿਚ 2023 ਵਿਚ 310 ਵੈਟਨਰੀ ਇੰਸਪੈਕਟਰ ਭਰਤੀ ਕੀਤੇ ਗਏ ਜਿਸ ਵਿਚੋਂ 134 ਹਰਿਆਣਾ ਤੇ ਰਾਜਸਥਾਨ ਤੋਂ ਸਨ। ਉਹਨਾਂ ਦੱਸਿਆ ਕਿ ਸੂਬੇ ਦੀ ਬਿਜਲੀ ਕੰਪਨੀ ਵਿਚ ਕੁੱਲ 500 ਪੋਸਟਾਂ ਵਿਚੋਂ 150 ਪੋਸਟਾਂ ’ਤੇ ਜੂਨੀਅਰ ਇੰਜੀਨੀਅਰ ਭਰਤੀ ਕੀਤੇ ਗਏ ਜਦੋਂ ਕਿ ਸਿਹਤ ਸਿਸਟਮ ਕਾਰਪੋਰੇਸ਼ਨ ਵਿਚ ਵਿਚ 300 ਬਾਹਰਲਿਆਂ ਨੂੰ ਭਰਤੀਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਕਿਵੇਂ ਕਾਂਗਰਸ ਤੇ ਆਪ ਨੇ ਰਲ ਕੇ ਅਕਾਲੀ ਦਲ ਖਿਲਾਫ ਬੇਅਦਬੀ ਦੇ ਦੋਸ਼ ਲਗਾ ਕੇ ਪਾਰਟੀ ਨੂੰ ਬਦਨਾਮ ਕੀਤਾ। ਉਹਨਾਂ ਕਿਹਾ ਕਿ ਕੀ ਕੋਈ ਸੋਚ ਸਕਦਾ ਹੈ ਕਿ ਜਿਹੜੀ ਪਾਰਟੀ ਦਾ ਗਠਨ 102 ਸਾਲ ਪਹਿਲਾਂ ਗੁਰੂ ਘਰਾਂ ਦੀ ਸੇਵਾ ਵਾਸਤੇ ਕੀਤਾ ਗਿਆ ਸੀ, ਉਹ ਅਜਿਹੀ ਘਿਨੌਣੀ ਹਰਕਤ ਕਰ ਸਕਦੀ ਹੈ? ਉਹਨਾਂ ਕਿਹਾ ਕਿ ਅਸੀਂ ਇਹ ਸਾਰੇ ਮਾਮਲੇ ਲੋਕਾਂ ਨੂੰ ਸਮਝਾਉਣ ਦੇ ਯਤਨ ਕੀਤੇ ਪਰ ਲੋਕ ਸੌੜੇ ਹਿੱਤਾਂ ਵਾਲੇ ਲੋਕਾਂ ਤੋਂ ਗੁੰਮਰਾਹ ਹੁੰਦੇ ਰਹੇ।ਉਹਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਵਾਪਰੇ 7 ਸਾਲ ਬੀਤ ਚੁੱਕੇ ਹਨ ਪਰ ਹਾਲੇ ਤੱਕ ਇਕ ਵੀ ਅਕਾਲੀ ਆਗੂ ਦਾ ਨਾਂ ਚਲਾਨ ਵਿਚ ਨਹੀਂ ਆਇਆ। ਉਹਨਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਤੇ ਆਪ ਦੀਆਂ ਸਰਕਾਰਾਂ ਆਈਆਂ ਬੇਅਦਬੀ ਦੇ ਮਾਮਲਿਆਂ ਵਿਚ ਅਥਾਹ ਵਾਧਾ ਹੋਇਆ ਹੈ ਪਰ ਬਲਜੀਤ ਸਿੰਘ ਦਾਦੂਵਾਲ ਤੇ ਧਿਆਨ ਸਿੰਘ ਮੰਡ ਵਰਗੇ ਅਖੌਤੀ ਆਗੂਆਂ ਨੇ ਇਕ ਵਾਰ ਵੀ ਆਵਾਜ਼ ਬੁਲੰਦ ਨਹੀਂ ਕੀਤੀ। ਉਹਨਾਂ ਕਿਹਾ ਕਿ ਇਹ ਆਗੂ ਭਾਜਪਾਦੇ ਹਿੱਤਾਂ ਦੀ ਰਾਖੀ ਕਰ ਰਹੇਹਨ ਤੇ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੇ ਯਤਨਾਂ ਵਿਚ ਭਾਈਵਾਲ ਹਨ।