ਔਕਲੈਂਡ, 31 ਜੁਲਾਈ 2020 – ਨਿਊਜ਼ੀਲੈਂਡ ਦੇ ਵਿਚ ਜਿੱਥੇ ਏਕਾਂਤਵਾਸ ਨੂੰ ਲੈ ਕੇ ਰਾਜਨੀਤਿਕ ਪਾਰਟੀਆਂ ਵੱਖ-ਵੱਖ ਹਾਲਤਾਂ ਵਿਚ ਖਰਚਾ ਲੈਣ ਦੀਆਂ ਸੋਚ ਰਹੀਆਂ ਹਨ ਉੱਥੇ ਲਗਦਾ ਹੈ ਕਿ ਜਿਹੜੇ ਕੀਵੀ ਲੋਕ ਵਾਪਿਸ ਆਉਣਾ ਚਾਹੁੰਦੇ ਹਨ ਉਨ੍ਹਾਂ ਨੂੰ ਸਰਕਾਰ ਦੀ ਹਰੀ ਝੰਡੀ ਮਿਲਣ ਬਾਅਦ ਹੀ ਏਅਰ ਲਾਈਨ ਟਿਕਟਾਂ ਵੇਚ ਸਕੇਗੀ। ਭਾਰਤ ਤੋਂ ਹੁਣ ਦੋ ਹੋਰ ਫਲਾਈਟਾਂ 5 ਅਤੇ 10 ਅਗਸਤ ਨੂੰ ਆਉਣੀਆਂ ਤੈਅ ਹੋਈਆਂ ਹਨ ਪਰ ਰਾਸ਼ਟਰੀ ਖਬਰਾਂ ਦਸਦੀਆਂ ਹਨ ਕਿ ਸ਼ਾਇਦ ਇਹ ਜਹਾਜ਼ ਖਾਲੀ ਆਉਣ ਕਿਉਂਕਿ ਨਿਊਜ਼ੀਲੈਂਡ ਦੇ ਵਿਚ ਏਕਾਂਤਵਾਸ ਕਰਨ ਦੇ ਲਈ ਸਰਕਾਰ ਨੂੰ ਥਾਂ ਦੀ ਔਖਿਆਈ ਆ ਰਹੀ ਹੈ। ਲਗਪਗ 400 ਦੇ ਕਰੀਬ ਨਿਊਜ਼ੀਲੈਂਡ ਨਾਗਰਿਕ ਅਤੇ ਇਸ ਤੋਂ ਇਲਾਵਾ ਪੱਕੇ ਵੀਜੇ ਵਾਲੇ ਵੀ ਭਾਰਤ ਦੇ ਵਿਚ ਅਟਕੇ ਹੋਏ ਹਨ ਅਤੇ ਵਾਪਿਸ ਆਉਣਾ ਚਾਹੁੰਦੇ ਹਨ। ਨਿਊਜ਼ੀਲੈਂਡ ਸਰਕਾਰ ਨੇ ਅਜੇ ਕੀਵੀਆਂ ਦੀ ਵਾਪਿਸੀ ਲਈ ਏਅਰ ਇੰਡੀਆ ਨੂੰ ਇਜ਼ਾਜਤ ਨਹੀਂ ਦਿੱਤੀ ਕਿ ਉਹ ਇਨ੍ਹਾਂ ਫਲਾਈਟਾਂ ਦੇ ਵਿਚ ਕੀਵੀ ਜਾਂ ਪੱਕੇ ਲੋਕਾਂ ਨੂੰ ਲੈ ਆਉਣ।
ਨਿਊਜ਼ੀਲੈਂਡ ਸਰਕਾਰ ਵੱਲੋਂ ਹੁਣ ਤੱਕ 32632 ਲੋਕਾਂ ਨੂੰ ਏਕਾਂਤਵਾਸ ਦੀ ਸਹੂਲਤ ਦਿੱਤੀ ਜਾ ਚੁੱਕੀ ਹੈ। 32 ਥਾਵਾਂ ਉਤੇ ਲੋਕਾਂ ਨੂੰ ਰੱਖਿਆ ਜਾ ਰਿਹਾ ਹੈ। ਕੁਲ ਸਮਰੱਥਾ 6770 ਦੀ ਹੈ। ਆਉਣ ਵਾਲੇ 14 ਦਨਾਂ ਦੇ ਵਿਚ ਇਥੇ ਆਉਣ ਵਾਲੇ ਲੋਕਾਂ ਦੀ ਗਿਣਤੀ ਸਮਰੱਥਾ ਤੋਂ ਵੀ ਵੱਧ ਦੀ ਆਸ ਕੀਤੀ ਜਾਂਦੀ ਹੈ ਜਿਸ ਕਰਕੇ ਇਥੇ ਆਉਣ ਵਾਲੀਆਂ ਫਲਾਈਟਾਂ ਨੂੰ ਬੜੇ ਨਾਪ-ਤੋਲ ਕੇ ਸਵਾਰੀਆਂ ਲਿਆਉਣ ਦਿੱਤੀਆਂ ਜਾ ਸਕਦੀਆਂ ਹਨ।