ਔਕਲੈਂਡ, 23 ਜੁਲਾਈ, 2020 : ਨਿਊਜ਼ੀਲੈਂਡ ਸਰਕਾਰ ਵੱਲੋਂ ਹਰ ਸਾਲ ਨਵੇਂ ਸਾਲ ਦੀ ਪੂਰਵ ਸੰਧਿਆ ਉਤੇ ਕਮਿਊਨਿਟੀ ਕਾਰਜਾਂ ਦੇ ਵਿਚ ਅਹਿਮ ਸਹਿਯੋਗ ਦੇਣ ਵਾਲਿਆਂ ਨੂੰ ‘ਕੁਈਨਜ਼ ਸਰਵਿਸ ਮੈਡਲ’ ਲਈ ਚੁਣਿਆ ਜਾਂਦਾ ਹੈ। ਇਸ ਵਾਰ ਪੰਜਾਬੀ ਭਾਈਚਾਰੇ ਤੋਂ ਹਰਜੀਤ ਸਿੰਘ ਨੂੰ ਚੁਣਿਆ ਗਿਆ ਸੀ। ਦੇਸ਼ ਦੀ ਗਵਰਨਰ ਜਨਰਲ ਮਾਣਯੋਗ ਡੈਮ ਪੈਟਸੀ ਰੈਡੀ ਵੱਲੋਂ ਅੱਜ ਇਹ ਮਾਨ-ਸਨਮਾਨ ਔਕਲੈਂਡ ਸਥਿਤ ਗਵਰਨਰ ਹਾਊਸ ਵਿਚ ਦਿੱਤੇ ਗਏ। ਹਰਜੀਤ ਸਿੰਘ ਦੇ ਕੋਟ ਉਤੇ ਗਵਰਨਰ ਜਨਰਲ ਨੇ ‘ਕੁਈਨਜ਼ ਸਰਵਿਸ ਮੈਡਲ’ ਦਾ ਰੀਬਨ ਲਗਾਇਆ। ਇਹ 36 ਮਿਲੀਮੀਟਰ ਦਾ ਲਾਲ ਅਤੇ ਚਿੱਟੇ ਰੰਗ ਦੀਆਂ ਧਾਰੀਆਂ ਵਾਲਾ ਰੀਬਨ ਮਾਓਰੀ ਸਭਿਅਤਾ ਦੀ ਪੇਸ਼ਕਾਰੀ ਕਰਦਾ ਹੈ। ਇਸ ਡਿਜ਼ਾਈਨ ਦਾ ਮਤਲਬ ਹੈ ਕਿ ਸੇਵਾ ਵੱਲ ਵਧਦੇ ਕਦਮ।
ਹਰਜੀਤ ਸਿੰਘ ਦਾ ਜੱਦੀ ਪਿੰਡ ਗੁੱਜਰਵਾਲ ਜ਼ਿਲ੍ਹਾ ਲੁਧਿਆਣਾ ਹੈ ਪਰ ਉਹ 1958 ਤੋਂ ਚੰਡੀਗੜ੍ਹ ਹੀ ਜਾ ਕੇ ਵਸ ਗਏ ਸਨ। ਉਹ ਐਮ. ਏ. ਪੁਲੀਟੀਕਲ ਸਾਇੰਸ ਤੱਕ ਪੜ੍ਹੇ ਹੋਏ ਹਨ। ਉਨ੍ਹਾਂ ਪੰਜਾਬ ਦੇ ਵਿਚ ਉਨ੍ਹਾਂ ਸਟੇਟ ਬੈਂਕ ਆਫ ਇੰਡੀਆ ਦੇ ਵਿਚ 35 ਸਾਲ ਸੇਵਾ ਨਿਭਾਅ ਕੇ ਬ੍ਰਾਂਚ ਮੈਨੇਜਰ ਵਜੋਂ ਰਿਟਾਇਰ ਹੋਏ ਸਨ। 2007 ਦੇ ਵਿਚ ਹਰਜੀਤ ਸਿੰਘ ਨਿਊਜ਼ੀਲੈਂਡ ਆ ਕੇ ਆਪਣੇ ਦੋਹਾਂ ਪੁੱਤਰਾਂ ਮੰਦੀਪ ਸਿੰਘ ਅਤੇ ਹਰਦੀਪ ਸਿੰਘ ਕੋਲ ਵਸ ਗਏ ਸਨ। ਉਨ੍ਹਾਂ ਇਥੇ ਆ ਕੇ ਵੀ ਆਪਣੀ ਪੜ੍ਹਾਈ ਜਾਰੀ ਰੱਖੀ ਅਤੇ ਸਰਟੀਫਿਕੇਟ ਇਨ ਆਫਿਸ ਐਡਮਨਿਸਟ੍ਰੇਸ਼ਨ ਅਤੇ ਬਿਜ਼ਨਸ ਐਡਮਨਿਸਟ੍ਰੇਸ਼ਨ ਵੀ ਪੂਰਾ ਕੀਤਾ। ਇੰਗਲਿਸ਼ ਹੋਮ ਟਿਊਟਰ ਦੇ ਵਿਚ ਉਨ੍ਹਾਂ ਲੈਵਲ ਤਿੰਨ ਦਾ ਕੋਰਸ ਇਸ ਕਰਕੇ ਕੀਤਾ ਕਿ ਉਹ ਨਿਸ਼ਕਾਮ ਸੇਵਾ ਵਜੋਂ ਦੂਜੇ ਲੋਕਾਂ ਨੂੰ ਇੰਗਲਿਸ਼ ਸਿਖਾ ਸਕਣ।
ਹਰਜੀਤ ਸਿੰਘ ਬਹੁਤ ਸਾਰੀਆਂ ਸੰਸਥਾਵਾਂ ਦੇ ਨਾਲ ਜੁੜ ਕੇ ਕੰਮ ਕਰ ਰਹੇ ਹਨ। ਉਹ ‘ਏਜ਼ ਕਨਸਰਨ ਕਾਊਂਟੀਜ਼ ਮੈਨੁਕਾਓ’ ਦੇ ਨਾਲ 2008 ਤੋਂ ਜੁੜੇ ਹਨ ਅਤੇ ਮਾਨਤਾ ਪ੍ਰਾਪਤ ਵਿਜਟਿੰਗ ਸਰਵਿਸਜ ਦੇ ਰਹੇ ਹਨ। 2013 ਵਿਚ ਉਨ੍ਹਾਂ ਨੂੰ ਬੋਰਡ ਮੈਂਬਰ ਵਜੋਂ ਲਿਆ ਗਿਆ। ਉਹ ਇਸ ਵੇਲੇ ਮੈਨੁਕਾਓ ਈਸਟ ਕੌਂਸਿਲ ਆਫ ਸੋਸ਼ਲ ਸਰਵਿਸਜ਼ ਦੇ ਡਿਪਟੀ ਚੇਅਰ ਹਨ। ਉਹ ਪ੍ਰਵਾਸੀ ਲੋਕਾਂ ਨੂੰ ਇੰਗਲਿਸ਼ ਵੀ ਸਿਖਾਂਦੇ ਹਨ। ਉਹ ਔਕਲੈਂਡ ਸਿੱਖ ਸੁਸਾਇਟੀ, ਸ੍ਰੀ ਗੁਰੂ ਰਵਿਦਾਸ ਸਭਾ, ਗੋਪੀਓ, ਪੰਜਾਬੀ ਕਲਚਰਲ ਸੁਸਾਇਟੀ ਅਤੇ ਮੈਨੁਕਾਓ ਇੰਡੀਅਨ ਐਸੋਸੀਏਸ਼ਨ ਦੇ ਨੇੜੇ ਤੋਂ ਸਹਿਯੋਗ ਕਰ ਰਹੇ ਹਨ। ਉਹ ਇੰਡੀਅਨ ਕੀਵੀ ਪਾਜ਼ੇਟਿਵ ਏਜਿੰਗ ਗਰੁੱਪ ਦੇ ਚੇਅਰ ਹਨ ਅਤੇ ਇਸਦੇ ਨਾਲ ਹੀ ਵਾਈਟ ਰੀਬਨ ਅੰਬੈਸਡਰ ਅਤੇ ਅੰਬੈਸਡਰ ਆਫ ਪੀਸ ਹਨ। ਸਾਲ 2019 ਦੇ ਵਿਚ ਹੀ ਉਹ ਏਸੀਆ ਪੇਸੇਫਿਕ ਸਿਖਰ ਸੰਮੇਲਨ ਕੰਬਾਡੀਆ ਦੇ ਵਿਚ ਯੂਨੀਵਰਸਲ ਪੀਸ ਫੈਡਰੇਸ਼ਨ ਆਫ ਨਿਊਜ਼ੀਲੈਂਡ ਦੀ ਪ੍ਰਤੀਨਿਧਤਾ ਕਰਕੇ ਆਏ ਹਨ। ਕੀਵੀ ਬੈਂਕ ਵੱਲੋਂ ਆਪ ਨੂੰ ‘ਲੋਕਲ ਹੀਰੋ ਆਫ ਨਿਊਜ਼ੀਲੈਂਡ 2016’ ਐਵਾਰਡ ਵੀ ਮਿਲ ਚੁੱਕਾ ਹੈ।
ਵਰਨਣਯੋਗ ਹੈ ਕਿ ਇਹ ਐਵਾਰਡ 1975 ਤੋਂ ਸ਼ੁਰੂ ਹੋਇਆ ਸੀ। ਇਹ ਮੈਡਲ ਸਟਰਲਿੰਗ ਸਿਲਵਰ ਦਾ ਬਣਿਆ ਹੁੰਦਾ ਹੈ ਅਤੇ ਇਸਦਾ ਸਾਈਜ 36 ਮਿਲੀਮੀਟਰ ਹੁੰਦਾ ਹੈ। ਹਰਜੀਤ ਸਿੰਘ ਨੇ ਇਸ ਮਾਨ-ਸਨਮਾਨ ਦੇ ਲਈ ਭਾਰਤੀ ਕਮਿਊਨਿਟੀ, ਆਪਣੇ ਪਰਿਵਾਰਕ ਮੈਂਬਰਾਂ ਅਤੇ ਸਮਾਜ ਸੇਵੀ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਦੇ ਕਾਰਜ ਨੂੰ ਸਰਕਾਰ ਵੱਲੋਂ ਮਾਨਤਾ ਦਿੱਤੀ ਗਈ।