ਸਰੀ, 23 ਜੁਲਾਈ 2020-ਕੈਨੇਡਾ ਦੇ ਵਿੱਤ ਮੰਤਰੀ ਬਿੱਲ ਮੌਰਨਿਊ ਵੱਲੋਂ ‘ਵੁਈ’ ਚੈਰਿਟੀ ਤੋਂ ਲਏ 41000 ਡਾਲਰ ਦੇ ਟ੍ਰੈਵਲ ਗਿਫਟ ਨੂੰ ਸਵੀਕਾਰ ਕਰ ਲੈਣ ਉਪਰੰਤ ਟਰੂਡੋ ਸਰਕਾਰ ਲਈ ‘ਵੁਈ’ ਚੈਰਿਟੀ ਸਕੈਂਡਲ ਦਾ ਸੰਕਟ ਹੋਰ ਵੀ ਗੰਭੀਰ ਹੋ ਗਿਆ ਹੈ। ਵਿੱਤ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ 2017 ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ਵਿਦੇਸ਼ ਦੇ ਦੋ ਟਰਿੱਪ ਕੀਤੇ ਗਏ ਸਨ ਜਿਨ੍ਹਾਂ ਦਾ ਬਹੁਤਾ ਖਰਚਾ ਵੁਈ ਚੈਰਿਟੀ ਨੇ ਚੁੱਕਿਆ ਸੀ| ਇਨ੍ਹਾਂ ਵਿੱਚੋਂ ਇੱਕ ਟਰਿੱਪ ਕੀਨੀਆ ਦਾ ਸੀ, ਜੋ ਉਨ੍ਹਾਂ ਦੀ ਪਤਨੀ ਤੇ ਧੀ ਵੱਲੋਂ ਕੀਤਾ ਗਿਆ ਸੀ ਤੇ ਦੂਜਾ ਟਰਿੱਪ ਉਨ੍ਹਾਂ ਵੱਲੋਂ ਪਰਿਵਾਰ ਸਮੇਤ ਇਕੁਆਡੋਰ ਦਾ ਕੀਤਾ ਗਿਆ ਸੀ|
ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਕੁਝ ਸਾਲਾਂ ਵਿੱਚ ਉਨ੍ਹਾਂ ਦੀ ਪਤਨੀ ਵੱਲੋਂ ਇਸ ਚੈਰਿਟੀ ਨੂੰ 100,000 ਡਾਲਰ ਡੋਨੇਸ਼ਨ ਵਜੋਂ ਦਿੱਤੇ ਜਾ ਚੁੱਕੇ ਹਨ| ਮੌਰਨਿਊ ਨੇ ਆਖਿਆ ਕਿ ਉਨ੍ਹਾਂ ਦੀ ਪਤਨੀ ਨੈਂਸੀ ਮੈਕੇਨ ਨੇ ਵੁਈ ਚੈਰਿਟੀ ਨੂੰ 50,000 ਡਾਲਰ ਦੀ ਡੋਨੇਸ਼ਨ ਦੋ ਵਾਰੀ ਦਿੱਤੀ| ਇੱਕ ਅਪਰੈਲ 2018 ਵਿੱਚ ਕੈਨੇਡਾ ਦੇ ਵਿਦਿਆਰਥੀਆਂ ਲਈ ਅਤੇ ਦੂਜੀ ਜੂਨ 2020 ਵਿੱਚ ਕੋਵਿਡ-19 ਦੇ ਕੀਨੀਆ ਤੇ ਕੈਨੇਡਾ ਵਿੱਚ ਚਲਾਏ ਜਾ ਰਹੇ ਰਾਹਤ ਕਾਰਜਾਂ ਲਈ ਦਿੱਤੀ ਗਈ|
ਬੇਸ਼ੱਕ ਵਿੱਤ ਮੰਤਰੀ ਨੇ ਇਸ ਗਿਫਟ ਨੂੰ ਆਪਣੀ ਗਲਤੀ ਮੰਗਦਿਆਂ ਮੁਆਫੀ ਮੰਗੀ ਹੈ ਪਰ ਵਿਰੋਧੀ ਪਾਰਟੀ (ਕੰਜ਼ਰਵੇਟਿਵ) ਨੇ ਮੰਗ ਕੀਤੀ ਹੈ ਕਿ ਵਿੱਤ ਮੰਤਰੀ ਆਪਣੇ ਅਹੁਦੇ ਤੋਂ ਤੁਰੰਤ ਅਸਤੀਫਾ ਦੇਣ।