ਫਿਰੋਜ਼ਪੁਰ, 14 ਜੁਲਾਈ 2020 – ਬਿਨਾਂ ਸ਼ੱਕ ਪੰਜਾਬੀ ਇੰਡਸਟਰੀ ਅੱਜ ਬੁਲੰਦੀਆਂ ‘ਤੇ ਹੈ। ਅੱਜ ਬਾਲੀਵੁਡ ਵਿੱਚ ਵੀ ਪੰਜਾਬੀ ਗਾਇਕਾਂ ਦੀ ਤੂਤੀ ਬੋਲਦੀ ਹੈ। ਡਿਜੀਟਲ ਯੁਗ ਵਿੱਚ ਭਾਵੇਂ ਗਾਉਣਾ ਸੌਖਾ ਹੋ ਗਿਆ ਹੈ ਪਰ ਕੁਝ ਅਜਿਹੇ ਨੌਜਵਾਨ ਵੀ ਹਨ ਜੋ ਬਰੀਕੀਆਂ ਸਿੱਖ ਕੇ ਗਾਇਕੀ ਦੇ ਅਖਾੜੇ ਵਿਚ ਉਤਰ ਰਹੇ ਹਨ। ਇਹਨਾਂ ਗਾਇਕਾਂ ਵਿੱਚੋਂ ਹੀ ਹੈ ਗੈਰੀ ਢਿੱਲੋਂ। ਪਹਿਲਾਂ ਇੱਕ ਨਾਮੀ ਅਦਾਕਾਰ ਤੇ ਫਿਰ ਇੱਕ ਕਾਮਯਾਬ ਐਂਕਰ ਵਜੋਂ ਪਾਰੀ ਖੇਡ ਰਿਹਾ ਗੈਰੀ ਢਿੱਲੋਂ ਅੱਜ ਕੱਲ੍ਹ ਆਪਣੇ ਨਵੇਂ ਆਏ ਗੀਤ ‘ਪਤੰਦਰ’ ਨਾਲ ਚਰਚਾ ਵਿੱਚ ਹੈ। ਉਸਦਾ ਗਾਇਆ ਗੀਤ ਦਰਸ਼ਕਾਂ ਨੂੰ ਬੇਹੱਦ ਪਸੰਦ ਆ ਰਿਹਾ ਹੈ। ਗੀਤ ਦਾ ਟਾਈਟਲ ਹੀ ਦੱਸਦਾ ਹੈ ਕਿ ਗੀਤ ਵਿੱਚ ਗੱਭਰੂ ਦੇ ਸੁਭਾਅ ਅਤੇ ਸ਼ੌਂਕ ਦੀ ਗੱਲ ਹੋ ਰਹੀ ਹੈ। ਪਤੰਦਰ ਦੇ ਬੋਲ ਅਰਸ਼ ਸਿੱਧੂ ਨੇ ਲਿਖੇ ਹਨ ਅਤੇ ਸੰਗੀਤ ਨਾਲ ਕਰਨ ਸੰਧੂ ਨੇ ਸ਼ਿੰਗਾਰਿਆ ਹੈ। ਗੀਤ ਨੂੰ ਕ੍ਰਾਸ ਵਾਕ ਗੈਂਗ ਵੱਲੋਂ ਆਪਣੇ ਯੂ ਟਿਊਬ ਚੈਨਲ ‘ਤੇ ਰਿਲੀਜ਼ ਕੀਤਾ ਗਿਆ ਹੈ।
ਗੈਰੀ ਢਿੱਲੋਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਅਦਾਕਾਰ ਕੀਤੀ ਸੀ ਅਤੇ ਬਹੁਤ ਸਾਰੇ ਹਿੱਟ ਗੀਤਾਂ ਵਿੱਚ ਮੇਨ ਲੀਡ ਵਜੋਂ ਕੰਮ ਕੀਤਾ। ਇਸਦੇ ਨਾਲ ਹੀ ਉਸ ਨੇ ਪੰਜਾਬ ਦੇ ਨਾਮੀ ਟੀਵੀ ਚੈਨਲਾਂ ਲਈ ਐਕਰਿੰਗ ਵੀ ਕੀਤੀ ਅਤੇ ਕਈ ਹਿੱਟ ਪ੍ਰੋਗਰਾਮ ਦਰਸ਼ਕਾਂ ਦੀ ਝੋਲੀ ਪਾਏ। ਗੈਰੀ ਢਿੱਲੋਂ ਸ਼ੁਰੂ ਤੋਂ ਹੀ ਨੌਜਵਾਨ ਮੁੰਡੇ ਕੁੜੀਆਂ ਦੇ ਚਹੇਤਾ ਰਿਹਾ ਹੈ। ਏਹੀ ਕਾਰਨ ਹੈ ਕਿ ਬਹੁਤ ਸਾਰੇ ਬਹੁਤ ਸਾਰੇ ਨੌਜਵਾਨ ਉਸ ਨੂੰ ਆਪਣਾ ਸਟਾਈਲ ਆਇਕਨ ਵੀ ਮੰਨਦੇ ਹਨ।
ਗੈਰੀ ਢਿੱਲੋਂ ਇਸ ਕਾਮਯਾਬੀ ਦੇ ਦੌਰ ਵਿੱਚ ਵੀ ਆਪਣੇ ਕੁਝ ਸਾਥੀਆਂ ਦਾ ਨਾਮ ਲੈਣਾ ਨਹੀਂ ਭੁੱਲਦਾ, ਜਿੰਨਾ ਨੇ ਉਸ ਦਾ ਹਰ ਵੇਲੇ ਸਾਥ ਦਿੱਤਾ । ਉਹ ਆਖਦਾ ਹੈ ਕਿ ਗੁਰਨਾਮ ਸਿੱਧੂ, ਅਵਤਾਰ ਭੁੱਲਰ, ਪ੍ਰੇਮਪ੍ਰੀਤ ਸਿੰਘ, ਕਰਮ ਬਾਠ ਕਨੇਡਾ ਅਜਿਹੇ ਹੀ ਨਾਮ ਹਨ ਜਿੰਨ੍ਹਾਂ ਨੇ ਉਸਦੀ ਹਮੇਸ਼ਾ ਅਗਵਾਈ ਕੀਤੀ ਹੈ।
ਗੈਰੀ ਢਿੱਲੋਂ ਨੇ ਕਿਹਾ ਕਿ ਉਹ ਦਰਸ਼ਕਾਂ ਦੇ ਮਿਲ ਰਹੇ ਹੁੰਗਾਰੇ ਤੋੰ ਖੁਸ਼ ਹੈ ਅਤੇ ਜਲਦੀ ਹੀ ਅਗਲਾ ਟਰੈਕ ਲੈਕੇ ਹਾਜ਼ਿਰ ਹੋਵੇਗਾ।