ਸਰੀ, 14 ਜੁਲਾਈ 2020 – ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਹੈ ਕਿ ਉਹ ਵੁਈ ਚੈਰਿਟੀ ਨਾਲ ਸਟੂਡੈਂਟ ਗ੍ਰਾਂਟ ਪ੍ਰੋਗਰਾਮ ਸਬੰਧੀ ਇਕਰਾਰਨਾਮਾ ਕਰਨ ਬਾਰੇ ਪਾਰਲੀਮੈਂਟ ਵਿਚ ਹੋਈ ਚਰਚਾ ਤੋਂ ਆਪਣੇ ਆਪ ਨੂੰ ਪਾਸੇ ਨਾ ਰੱਖ ਸਕੇ, ਜੋ ਉਨ੍ਹਾਂ ਦੀ ਬਹੁਤ ਵੱਡੀ ਗਲਤੀ ਸੀ ਅਤੇ ਇਸ ਕਾਰਨ ਉਨ੍ਹਾਂ ਨੂੰ ਬੇਹੱਦ ਦੁੱਖ ਹੈ। ਉਨ੍ਹਾਂ ਇਸ ਲਈ ਮੁਆਫੀ ਮੰਗਦਿਆਂ ਕਿਹਾ ਕਿ ਵੁਈ ਚੈਰਿਟੀ ਨਾਲ ਉਨ੍ਹਾਂ ਦੇ ਪਰਿਵਾਰ ਦੇ ਨੇੜਲੇ ਸਬੰਧਾਂ ਨੂੰ ਧਿਆਨ ਵਿਚ ਰਖਦਿਆਂ ਉਨ੍ਹਾਂ ਨੂੰ ਮੰਤਰੀ ਮੰਡਲ ਦੀ ਗੱਲਬਾਤ ਵਿਚ ਹਿੱਸਾ ਨਹੀਂ ਸੀ ਲੈਣਾ ਚਾਹੀਦਾ।
ਪ੍ਰਧਾਨ ਮੰਤਰੀ ਵੱਲੋਂ ਇਹ ਮੁਆਫੀ ਮੰਗਣ ਦੀ ਨੌਬਤ ਉਸ ਸਮੇਂ ਆਈ ਜਦੋਂ ਇਹ ਰਿਪੋਰਟਾਂ ਜਨਤਕ ਹੋਈਆਂ ਕਿ ਉਨ੍ਹਾਂ ਦੀ ਮਾਂ ਮਾਰਗਰੇਟ ਅਤੇ ਉਨ੍ਹਾਂ ਦੇ ਭਰਾ ਐਲਗਜ਼ੈਂਡਰੇ ਨੂੰ ਪਿਛਲੇ ਚਾਰ ਸਾਲਾਂ ਦੌਰਾਨ ਵੂਈ ਚੈਰਿਟੀ ਅਤੇ ਇਸ ਦੀਆਂ ਸੰਸਥਾਵਾਂ ਦੁਆਰਾ 300,000 ਡਾਲਰ ਤੋਂ ਵੱਧ ਦਾ ਭੁਗਤਾਨ ਕੀਤਾ ਗਿਆ ਸੀ। ਐਥਿਕਸ ਕਮਿਸ਼ਨਰ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਨੇ ਅਫਸੋਸ ਕੀਤਾ ਕਿ ਵਿਦਿਆਰਥੀਆਂ ਦੀ ਭਲਾਈ ਲਈ ਜਿਹੜਾ ਪ੍ਰੋਗਰਾਮ ਲਿਆਂਦਾ ਗਿਆ ਸੀ ਹੁਣ ਉਹ ਅਧਵਾਟੇ ਲਮਕ ਕੇ ਰਹਿ ਗਿਆ ਹੈ।