ਅੰਮ੍ਰਿਤਸਰ, 27 ਮਾਰਚ, 2025 – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰੂ ਨਾਨਕ ਅਧਿਐਨ ਵਿਭਾਗ ਵੱਲੋਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਇੰਡੀਅਨ ਕੌਂਸਲ ਆੱਫ ਫਿਲਾਸਫੀਕਲ ਰੀਸਰਚ, ਨਵੀਂ ਦਿੱਲੀ ਦੇ ਸਹਿਯੋਗ ਨਾਲ ਗੁਰੂ ਅਮਰਦਾਸ ਜੀ ਦੇ 450 ਸਾਲਾਂ ਜੋਤੀ ਜੋਤ ਸਮਾਉਣ ਦੀ ਸ਼ਤਾਬਦੀ ਨੂੰ ਸਮਰਪਿਤ ਪਰੀਓਡੀਕਲ ਲੈਕਚਰਜ਼ ਦੀ ਲੜੀ ਅਧੀਨ ਤੀਜਾ ਅਤੇ ਚੌਥਾ ਲੈਕਚਰ ਕਰਵਾਇਆ ਗਿਆ।
ਡਾ. ਮੁਹੱਬਤ ਸਿੰਘ ਨੇ ਇਨ੍ਹਾਂ ਲੈਕਚਰਾਂ ਦੀ ਅਰੰਭਤਾ ਤੋਂ ਪਹਿਲਾਂ ਸੁਆਗਤੀ ਸ਼ਬਦਾਂ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਸਿਿਖਆ ਤੋਂ ਜਾਣੂ ਕਰਵਾਇਆ। ਇਸ ਲੜੀ ਦਾ ਤੀਜਾ ਲੈਕਚਰ ਪ੍ਰੋਫੈਸਰ ਧਰਮ ਸਿੰਘ ਸਾਬਕਾ ਮੁਖੀ ਪੰਜਾਬੀ ਵਿਭਾਗ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਨੇ ‘ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਯੋਗਦਾਨ ਬਾਰੇ ‘ਸ੍ਰੀ ਗੁਰੂ ਅਮਰਦਾਸ ਬਿਲਾਸ’ ਕ੍ਰਿਤ ਜੋਧ ਸਿੰਘ ਗੁਜਰਖਾਨ ਦੇ ਵਿਸ਼ੇਸ਼ ਹਵਾਲੇ ਨਾਲ’ ਵਿਸ਼ੇ ਨੂੰ ਪ੍ਰਸਤੁਤ ਕੀਤਾ। ਉਨ੍ਹਾਂ ਨੇ ਆਪਣੇ ਲੈਕਚਰ ਦੌਰਾਨ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਸੰਬੰਧੀ ਇਸ ਮਹੱਤਵਪੂਰਨ ਸ੍ਰੋਤ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਉਨ੍ਹਾਂ ਨੇ ਇਸ ਸ੍ਰੋਤ ਦੇ ਹਵਾਲੇ ਨਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਜੀਵਨ ਅਤੇ ਕਾਰਜਾਂ ਦੇ ਇਤਿਹਾਸ ਅਤੇ ਵਿਸ਼ੇਸ਼ਤਾ ਨੂੰ ਬਾਖੂਬੀ ਬਿਆਨ ਕੀਤਾ। ਜੋਧ ਸਿੰਘ ਗੁਜਰਾਖਾਨ ਦੁਆਰਾ ਇਸ ਗ੍ਰੰਥ ਦੀ ਰਚਨਾ ਦੇ ਮਨੋਰਥ ਨੂੰ ਬਿਆਨ ਕਰਦਿਆਂ, ਇਸ ਸ੍ਰੋਤ ਦੇ ਹਵਾਲੇ ਨਾਲ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼, ਮੁੱਢਲੇ ਜੀਵਨ, ਗੁਰੂ ਅੰਗਦ ਦੇਵ ਜੀ ਦੀ ਸ਼ਰਨ ’ਚ ਜਾਣ, ਲੰਮਾ ਸਮਾਂ ਸੇਵਾ ਨਿਭਾਉਣ, ਗੁਰਿਆਈ ਪ੍ਰਾਪਤੀ, ਗੋਇੰਦਵਾਲ ਸਾਹਿਬ ਟਿਕਾਣਾ, ਸਿੱਖੀ ਪ੍ਰਚਾਰ-ਪ੍ਰਸਾਰ ਹਿਤ ਕੀਤੇ ਮਹੱਤਵਪੂਰਨ ਕਾਰਜਾਂ, ਲੰਗਰ ਪ੍ਰਥਾ ਦੇ ਸਮਾਜ ਬਰਾਬਰੀ ਦੇ ਵਿਸ਼ੇਸ਼ ਪਹਿਲੂ ਸੰਬੰਧੀ ਮਹੱਤਵਪੂਰਨ ਜਾਣਕਾਰੀ ਸਾਂਝੀ ਕੀਤੀ।
















