ਬਟਾਲਾ, 27 ਮਾਰਚ 2025- ਬਟਾਲਾ ਦੇ ਨੌਜਵਾਨ ਵਿਧਾਇਕ ਅਤੇ ਕਾਰਜਕਾਰੀ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ, ਸ. ਅਮਨ ਸ਼ੇਰ ਸਿੰਘ ਸ਼ੈਰੀ ਕਲਸੀ ਨੇ ਵਿਧਾਨ ਸਭਾ ਵਿੱਚ ਪੇਸ਼ ਕੀਤੇ ਬਜਟ ਨੂੰ ਹਰ ਵਰਗ ਦੇ ਹਿੱਤ ਵਿੱਚ ਦੱਸਦਿਆਂ ਕਿਹਾ ਕਿ ਇਹ ਬਜਟ ਸੂਬੇ ਦੇ ਸਰਬਪੱਖੀ ਵਿਕਾਸ ਵਿੱਚ ਹੋਰ ਤੇਜ਼ੀ ਲਿਆਵੇਗਾ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਜਟ 2025 ਪੰਜਾਬ ਦੇ ਲੋਕਾਂ ਲਈ ਖੁਸ਼ਹਾਲੀ ਅਤੇ ਸੰਭਾਵਨਾਵਾਂ ਭਰਪੂਰ ਹੈ ਅਤੇ ਇਸ ਬਜਟ ਨਾਲ ਸੂਬੇ ਦੇ ਸ਼ਹਿਰਾਂ ਤੇ ਪਿੰਡਾਂ ਦੀ ਵਿਕਾਸ ਪੱਖੋ ਹੋਰ ਕਾਇਆ ਕਲਪ ਹੋਵੇਗੀ। ਉਨਾਂ ਕਿਹਾ ਕਿ ਪੰਜਾਬ ਪਿਛਲੇ ਤਿੰਨ ਸਾਲਾਂ ਤੋਂ ਵਿਕਾਸ ਦੇ ਰਾਹ ’ਤੇ ਅੱਗੇ ਵੱਧ ਰਿਹਾ ਹੈ ਅਤੇ ਪੰਜਾਬ ਬਜਟ ਵਿੱਚ ਪੇਂਡੂ ਖੇਤਰ ਦੀ ਨਵ ਸੁਰਜੀਤੀ ਦਾ ਸੰਕਲਪ ਪੇਸ਼ ਕੀਤਾ ਗਿਆ ਹੈ, ਜਿਸ ਤਹਿਤ ਪਿੰਡਾਂ ਦਾ ਚਹੁਪੱਖੀ ਵਿਕਾਸ ਸੰਭਵ ਹੋਵੇਗਾ।
ਉਨਾਂ ਅੱਗੇ ਕਿਹਾ ਕਿ ਚਾਲੂ ਵਿੱਤੀ ਸਾਲ ਦੌਰਾਨ ਸ਼ਹਿਰਾਂ ਅੰਦਰ ਸੜਕਾਂ, ਫੁੱਟਪਾਥਾਂ, ਬਿਜਲੀ ਪ੍ਰਣਾਲੀ, ਟ੍ਰੈਫਿਕ ਤੇ ਸਟਰੀਟ ਲਾਈਟਾਂ ਆਦਿ ਵਿੱਚ ਹੋਰ ਵੱਡੇ ਸੁਧਾਰ ਹੋਣਗੇ। ਉਨਾਂ ਅੱਗੇ ਕਿਹਾ ਬਜਟ ਵਿੱਚ ਉਦਯੋਗਾਂ ਦੀ ਪ੍ਰਫੁੱਲਤਾ ਨੂੰ ਖਾਸ ਤਰਜੀਹ ਦਿੱਤੀ ਗਈ ਹੈ ਅਤੇ ਪੰਜਾਬ ਦੇ ਅਮੀਰ ਸੱਭਿਆਚਾਰ ਅਤੇ ਅਧਿਆਤਮਿਕ ਵਿਰਾਸਤ ਦੇ ਸਨਮਾਨ ਅਤੇ ਪ੍ਰਦਰਸ਼ਨ ਲਈ ਖਾਸ ਤਵੱਜੋਂ ਦਿੱਤੀ ਗਈ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਦੱਸਿਆ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ 3500 ਕਰੋੜ ਰੁਪਏ ਖਰਚ ਕੀਤੇ ਜਾਣਗੇ, ਪੇਡੂ ਸੰਪਰਕ ਸੜਕਾਂ ਦੇ ਨਿਰਮਾਣ ਅਤੇ ਅਪਗਰੇਡੇਸ਼ਨ ਲਈ 2873 ਕਰੋੜ ਰੁਪਏ ਮਿਲਣਗੇ, ਉਦਯੋਗਾਂ ਨੂੰ ਵਿੱਤੀ ਪ੍ਰੋਤਸ਼ਾਹਨ ਦੇਣ ਲਈ 250 ਕਰੋੜ ਰੁਪਏ ਦਾ ਇਤਿਹਾਸਕ ਉਪਬੰਧ ਕੀਤਾ ਗਿਆ ਹੈ।
ਵਿਧਾਇਕ ਸ਼ੈਰੀ ਕਲਸੀ ਨੇ ਅੱਗੇ ਕਿਹਾ ਕਿ ਬਜਟ ਵਿੱਚ ਕੋਈ ਨਵਾਂ ਟੈਕਸ ਨਹੀਂ ਲਗਾਇਆ ਹੈ ਅਤੇ 10 ਲੱਖ ਰੁਪਏ ਤੱਕ ਇਲਾਜ ਮੁਫਤ ਕਰਨ ਦਾ ਐਲਾਨ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਿਹਤ ਖੇਤਰ ਲਈ 5598 ਕਰੋੜ ਰੁਪਏ ਅਤੇ ਸਿੱਖਿਆ ਲਈ 17975 ਕਰੋੜ ਰੁਪਏ ਦਾ ਬਜਟ ਐਲਾਟ ਕੀਤਾ ਗਿਆ ਹੈ।