ਆਈਜ਼ੌਲ, 28 ਮਈ- ਮਿਜ਼ੋਰਮ ਦੇ ਆਈਜ਼ੌਲ ਜ਼ਿਲ੍ਹੇ ਵਿੱਚ ਪੱਥਰ ਦੀ ਖਾਨ ਢਹਿਣ ਨਾਲ 10 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਕਈ ਹੋਰ ਲੋਕ ਲਾਪਤਾ ਹੋ ਗਏ। ਪੁਲੀਸ ਨੇ ਅੱਜ ਇਹ ਜਾਣਕਾਰੀ ਦਿੱਤੀ। ਪੁਲੀਸ ਅਨੁਸਾਰ ਇਲਾਕੇ ਵਿੱਚ ਅੱਜ ਸਵੇਰੇ ਲਗਾਤਾਰ ਮੀਂਹ ਦਰਮਿਆਨ ਇਹ ਹਾਦਸਾ ਵਾਪਰਿਆ। ਪੁਲੀਸ ਨੇ ਦੱਸਿਆ ਕਿ ਘਟਨਾ ਆਈਜ਼ੌਲ ਸ਼ਹਿਰ ਦੇ ਦੱਖਣੀ ਬਾਹਰੀ ਹਿੱਸੇ ਵਿੱਚ ਸਥਿਤ ਮੇਲਥਮ ਅਤੇ ਹਲੀਮੇਨ ਦਰਮਿਆਨ ਇਲਾਕੇ ਵਿੱਚ ਸਵੇਰੇ ਕਰੀਬ 6 ਵਜੇ ਵਾਪਰੀ। ਪੁਲੀਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ 10 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ ਕਈ ਹੋਰ ਲੋਕ ਮਲਬੇ ਵਿੱਚ ਫਸੇ ਹੋਏ ਹਨ।
ਪੁਲੀਸ ਨੇ ਦੱਸਿਆ ਕਿ ਮੋਹਲੇਧਾਰ ਮੀਂਹ ਕਾਰਨ ਬਚਾਅ ਮੁਹਿੰਮ ਪ੍ਰਭਾਵਿਤ ਹੋ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮੀਂਹ ਕਾਰਨ ਰਾਜ ਵਿੱਚ ਕਈ ਥਾਵਾਂ ਤੇ ਜ਼ਮੀਨ ਖਿਸਕਣ ਵੀ ਹੋਇਆ ਹੈ। ਉਨ੍ਹਾਂ ਦੱਸਿਆ ਕਿ ਹੁਨਥਰ ਵਿੱਚ ਨੈਸ਼ਨਲ ਹਾਈਵੇਅ 6 ਤੇ ਜ਼ਮੀਨ ਖਿਸਕਣ ਕਾਰਨ ਆਈਜ਼ੌਲ ਦੇਸ਼ ਦੇ ਬਾਕੀ ਹਿੱਸਿਆਂ ਤੋਂ ਵੱਖ ਹੋ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਸ ਤੋਂ ਇਲਾਵਾ ਕਈ ਅੰਤਰ-ਰਾਜੀ ਰਾਜਮਾਰਗ ਵੀ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਹੋਏ ਹਨ। ਮੀਂਹ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ ਅਤੇ ਜ਼ਰੂਰੀ ਸੇਵਾਵਾਂ ਪ੍ਰਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਛੱਡ ਕੇ ਸਰਕਾਰੀ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਲਈ ਕਿਹਾ ਗਿਆ ਹੈ।