ਨਵੀਂ ਦਿੱਲੀ, 17 ਅਗਸਤ – ਸੁਪਰੀਮ ਕੋਰਟ ਨੇ ਰਾਸ਼ਟਰੀ ਪਾਤਰਤਾ ਸਹਿ-ਪ੍ਰਵੇਸ਼ ਪ੍ਰੀਖਿਆ (ਨੀਟ) ਅਤੇ ਸੰਯੁਕਤ ਪ੍ਰਵੇਸ਼ ਪ੍ਰੀਖਿਆ (ਜੇ.ਈ.ਈ.) ਨੂੰ ਮੁਲਤਵੀ ਕਰਨ ਸੰਬੰਧੀ ਪਟੀਸ਼ਨ ਖਾਰਜ ਕਰ ਦਿੱਤੀ| ਨੀਟ ਮੈਡੀਕਲ ਪਾਠਕ੍ਰਮਾਂ ਵਿੱਚ ਪ੍ਰਵੇਸ਼ ਲਈ ਜਦੋਂ ਕਿ ਜੇ.ਈ.ਈ. ਇੰਜੀਨੀਅਰਿੰਗ ਪਾਠਕ੍ਰਮਾਂ ਵਿੱਚ ਨਾਮਜ਼ਦਗੀ ਲਈ ਆਯੋਜਿਤ ਕੀਤੀ ਜਾਂਦੀ ਹੈ| ਜੱਜ ਅਰੁਣ ਕੁਮਾਰ ਮਿਸ਼ਰਾ, ਜੱਜ ਬੀ.ਆਰ. ਗਵਈ ਅਤੇ ਜੱਜ ਕ੍ਰਿਸ਼ਨ ਮੁਰਾਰੀ ਦੀ ਬੈਂਚ ਨੇ ਇਹ ਕਹਿੰਦੇ ਹੋਏ ਪਟੀਸ਼ਨ ਖਾਰਜ ਕਰ ਦਿੱਤੀ ਕਿ ਕੋਰੋਨਾ ਕਾਰਨ ਦੇਸ਼ ‘ਚ ਸਭ ਕੁਝ ਰੋਕਿਆ ਨਹੀਂ ਜਾ ਸਕਦਾ|
ਜੱਜ ਮਿਸ਼ਰਾ ਨੇ ਕਿਹਾ,”ਕੀ ਦੇਸ਼ ਵਿੱਚ ਸਭ ਕੁਝ ਰੋਕ ਦਿੱਤਾ ਜਾਵੇ? (ਬੱਚਿਆਂ ਦਾ) ਇਕ ਕੀਮਤੀ ਸਾਲ ਇਸੇ ਤਰ੍ਹਾਂ ਹੀ ਬਰਬਾਦ ਹੋਣ ਦਿੱਤਾ ਜਾਵੇ?” ਬੈਂਚ ਨੇ ਕਿਹਾ ਕਿ ਉਸ ਨੇ ਸਾਲਿਸੀਟਰ ਜਨਰਲ ਤੂਸ਼ਾਰ ਮੇਹਤਾ ਦੀਆਂ ਦਲੀਲਾਂ ਨੂੰ ਰਿਕਾਰਡ ਵਿੱਚ ਲਿਆ ਹੈ ਕਿ ਜੇ.ਈ.ਈ. ਅਤੇ ਨੀਟ ਪ੍ਰੀਖਿਆਵਾਂ ਪੂਰੀ ਸਾਵਧਾਨੀਆਂ ਨਾਲ ਆਯੋਜਿਤ ਕੀਤੀਆਂ ਜਾਣਗੀਆਂ| ਕੋਵਿਡ-19 ਮਹਾਮਾਰੀ ਦੇ ਵਧਦੇ ਇਨਫੈਕਸ਼ਨ ਦੇ ਮੱਦੇਨਜ਼ਰ ਸਤੰਬਰ ਵਿੱਚ ਪ੍ਰਸਤਾਵਿਤ ਜੇ.ਈ.ਈ. ਮੇਨ ਅਤੇ ਨੀਟ ਯੂ.ਜੀ. ਪ੍ਰੀਖਿਆਵਾਂ ਨੂੰ ਟਾਲਣ ਦੀ ਮੰਗ ਕੀਤੀ ਗਈ ਸੀ| 11 ਸੂਬਿਆਂ ਦੇ 11 ਵਿਦਿਆਰਥੀਆਂ ਨੇ ਦੇਸ਼ ਵਿੱਚ ਤੇਜ਼ੀ ਨਾਲ ਵਧ ਰਹੇ ਕੋਵਿਡ-19 ਮਹਾਮਾਰੀ ਦੇ ਮਾਮਲਿਆਂ ਦੀ ਗਿਣਤੀ ਦੇ ਮੱਦੇਨਜ਼ਰ ਜੇ.ਈ.ਈ. ਮੇਨ ਅਤੇ ਨੀਟ ਯੂ.ਜੀ. ਪ੍ਰੀਖਿਆਵਾਂ ਮੁਲਤਵੀ ਕਰਨ ਦੀ ਅਪੀਲ ਦੇ ਨਾਲ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ|