ਔਕਲੈਂਡ, 5 ਜੁਲਾਈ 2020 – ਨਿਊਜ਼ੀਲੈਂਡ ਦੇ ਵਿੱਚ ਅੱਜ ਕੋਰੋਨਾ ਪਾਜ਼ੀਟਿਵ ਲੋਕਾਂ ਦੀ ਗਿਣਤੀ ਦੇ ਵਿਚ ਤਿੰਨ ਦਾ ਵਾਧਾ ਹੋ ਗਿਆ ਅਤੇ ਕੁੱਲ ਗਿਣਤੀ ਹੁਣ 21 ਹੋ ਗਈ ਹੈ। ਜੋ ਨਵੇਂ ਤਿੰਨ ਕੇਸ ਆਏ ਹਨ ਉਹ ਸਾਰੇ ਹੀ ਭਾਰਤ ਤੋਂ ਆਏ ਯਾਤਰੀ ਹਨ। ਸਾਰਿਆਂ ਨੂੰ ਕ੍ਰਾਈਸਟਚਰਚ ਵਿਖੇ ਆਈਸੋਲੇਸ਼ਨ ਕੀਤਾ ਗਿਆ ਹੈ। ਪਹਿਲਾ ਕੇਸ 30 ਸਾਲਾ ਔਰਤ ਹੈ ਅਤੇ ਦੂਜਾ ਉਸੀ ਔਰਤ ਦਾ 30 ਸਾਲਾ ਪਤੀ ਹੈ। ਤੀਜਾ ਕੇਸ 70 ਸਾਲਾ ਇਕ ਹੋਰ ਪੁਰਸ਼ ਦਾ ਹੈ। ਦੇਸ਼ ਦੇ ਵਿਚ ਇਸ ਵੇਲੇ ਇੱਕ ਮਰੀਜ਼ ਹੀ ਹਸਪਤਾਲ ਦੇ ਵਿਚ ਹੈ। ਦੇਸ਼ ਵਿਚ ਹੁਣ ਤੱਕ ਕੁੱਲ ਪੁਸ਼ਟੀ ਕੀਤੇ ਗਏ ਕੇਸਾਂ ਦੀ ਗਿਣਤੀ 1183 ਹੋ ਗਈ ਹੈ।
ਇਹ ਫਲਾਈਟ ਸਿੰਗਾਪੋਰ ਏਅਰ ਲਾਈਨ ਦੀ ਸੀ ਅਤੇ ਬੰਗਲੌਰ ਤੋਂ ਦਿੱਲੀ, ਦਿੱਲੀ ਤੋਂ ਚਾਂਗੀ (ਸਿੰਗਾਪੋਰ) ਅਤੇ ਫਿਰ ਕ੍ਰਾਈਸਟਚਰਚ ਪਹੁੰਚੀ ਸੀ। ਇਸ ਜਹਾਜ਼ ਦੇ ਯਾਤਰੀ ਟ੍ਰਾਂਸਫਰ ਵੇਲੇ ਥੱਲੇ ਨਹੀਂ ਉਤਾਰੇ ਗਏ ਸਨ ਤਾਂ ਕਿ ਬਿਮਾਰੀ ਦਾ ਆਦਾਨ-ਪ੍ਰਦਾਨ ਨਾ ਹੋ ਸਕੇ। ਇਸ ਤੋਂ ਇਲਾਵਾ ਨਿਊਜ਼ੀਲੈਂਡ ਦੇ ਇਕ ਆਈਸੋਲੇਸ਼ਨ ਕੇਂਦਰ ਹੋਟਲ ਪੁਲਮਨ ਤੋਂ 43 ਸਾਲਾ ਔਰਤ ਜੋ ਬਚ ਨਿਕਲੀ ਸੀ, ਨੂੰ ਕਾਬੂ ਕਰ ਲਿਆ ਗਿਆ ਹੈ।