ਐਸ.ਏ.ਐਸ ਨਗਰ, 7 ਸਤੰਬਰ – ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਵੱਲੋਂ ਅੱਜ ਪੰਜਾਬ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੁਹਾਲੀ ਦੇ ਗੁਰਦੁਆਰਾ ਸ੍ਰੀ ਅੰਬ ਸਾਹਿਬ ਤੋਂ ਵਾਈ.ਪੀ.ਐਸ. ਚੌਂਕ ਤੱਕ ਰੈਲੀ ਕੱਢੀ ਗਈ ਅਤੇ ਸਰਕਾਰ ਦੇ ਖਿਲਾਫ ਧਰਨਾ ਦਿੱਤਾ ਗਿਆ| ਇਸ ਦੌਰਾਨ ਵਾਈ.ਪੀ.ਐਸ. ਚੌਂਕ ਤੇ ਪਹੁੰਚੇ ਮੁਹਾਲੀ ਦੇ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ|
ਇਸ ਮੌਕੇ ਯੂਨੀਅਨ ਦੇ ਸੂਬਾਈ ਆਗੂ ਸ੍ਰ. ਅਜਮੇਰ ਸਿੰਘ ਨੇ ਕਿਹਾ ਕਿ ਉਹ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਦਸੰਬਰ 2016 ਦਾ ਉਹ ਵਾਇਦਾ ਯਾਦ ਕਰਵਾਉਣ ਆਏ ਹਨ ਜੋ ਉਨ੍ਹਾਂ ਨੇ ਉਸ ਵੇਲੇ ਯੂਨੀਅਨ ਨਾਲ ਕੀਤਾ ਸੀ| ਉਹਨਾਂ ਕਿਹਾ ਕਿ ਉਸ ਵੇਲੇ ਮੁੱਖ ਮੰਤਰੀ ਵਲੋਂ ਵਾਇਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਸਰਕਾਰ ਬਣਨ ਤੇ ਪਹਿਲੀ ਕੈਬਿਨੇਟ ਮੀਟਿੰਗ ਵਿੱਚ ਹੀ ਉਨ੍ਹਾਂ ਨੂੰ ਪੱਕਾ ਕਰ ਦਿੱਤਾ ਜਾਵੇਗਾ|
ਉਹਨਾਂ ਕਿਹਾ ਕਿ ਮੁੱਖ ਮੰਤਰੀ ਵਲੋਂ ਸ੍ਰ. ਬਲਬੀਰ ਸਿੰਘ ਸਿੱਧੂ ਅਤੇ ਸ੍ਰੀ ਰਾਣਾ ਕੇ.ਪੀ. ਸਿੰਘ ਦੇ ਸਾਹਮਣੇ ਇਹ ਵਾਇਦਾ ਕੀਤਾ ਗਿਆ ਸੀ ਪਰੰਤੂ ਇਹ ਵਾਇਦਾ ਅੱਜ ਤੱਕ ਪੂਰਾ ਨਹੀਂ ਹੋਇਆ ਅਤੇ ਸਿਖਿਆ ਪ੍ਰੋਵਾਈਡਰ ਅਧਿਆਪਕ ਹੁਣ ਵੀ ਸਰਕਾਰ ਤੋਂ ਉਹਨਾਂ ਨੂੰ ਪੱਕੇ ਕੀਤੇ ਜਾਣ ਦੀ ਇੰਤਜਾਰ ਕਰ ਰਹੇ ਹਨ|
ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਧਿਆਪਕਾਂ ਨੂੰ ਰੈਗੂਲਰ ਨਹੀਂ ਕਰਦੀ ਤਾਂ ਵੱਡੇ ਪੱਧਰ ਤੇ ਸੰਘਰਸ਼ ਕੀਤਾ ਜਾਵੇਗਾ| ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਵੱਲੋਂ ਅਧਿਆਪਕਾ ਤੋਂ ਜਿਹੜੇ ਅਣਲੋੜੀਂਦੇ ਕੰਮ ਕਰਵਾਏ ਜਾ ਰਹੇ ਹਨ ਉਨ੍ਹਾਂ ਦਾ ਬਾਈਕਾਟ ਕੀਤਾ ਜਾਵੇਗਾ ਅਤੇ ਸਿਰਫ ਬੱਚਿਆਂ ਨੂੰ ਆਨਲਾਇਨ ਹੀ ਕੰਮ ਭੇਜਿਆ ਜਾਵੇਗਾ| ਇਸ ਮੌਕੇ ਸ੍ਰੀਮਤੀ ਗੁਰਮੀਤ ਕੌਰ, ਰੁਪਿੰਦਰ ਕੌਰ, ਜੁਝਾਰ ਸਿੰਘ ਸੰਗਰੂਰ, ਸ੍ਰ. ਨਿਰਮਲ ਸਿੰਘ, ਸ੍ਰ. ਵੀਰ ਦਵਿੰਦਰ ਸਿੰਘ ਅਤੇ ਪ੍ਰਮਿੰਦਰ ਕੌਰ ਹਾਜ਼ਿਰ ਸਨ|