ਕੋਲਕਾਤਾ, 4 ਜੁਲਾਈ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਹੈ ਕਿ ਜੂਨ ਵਿੱਚ ਸੂਬੇ ਵਿੱਚ ਬੇਰੋਜ਼ਗਾਰੀ ਦਰ 6.5 ਫੀਸਦੀ ਰਹੀ ਹੈ, ਜੋ ਦੇਸ਼ ਦੀ ਤੁਲਨਾ ਵਿੱਚ ਕਿਤੇ ਬਿਹਤਰ ਹੈ| ਦੇਸ਼ ਵਿੱਚ ਬੇਰੋਜ਼ਗਾਰੀ ਦੀ ਦਰ 11 ਫੀਸਦੀ ਹੈ| ਮੁੱਖ ਮੰਤਰੀ ਸੈਂਟਰ ਫਾਰ ਮਾਨਿਟਰਿੰਗ ਇੰਡੀਅਨ ਇਕਨਾਮੀ (ਸੀ. ਐਮ. ਆਈ. ਈ.) ਵਲੋਂ ਜਾਰੀ ਅੰਕੜਿਆਂ ਦਾ ਹਵਾਲਾ ਦਿੱਤਾ| ਬੈਨਰਜੀ ਨੇ ਅੱਜ ਕਿਹਾ ਕਿ ਇਸ ਕਾਰਨ ਉਨ੍ਹਾਂ ਦੀ ਸਰਕਾਰ ਵਲੋਂ ਕੋਵਿਡ-19 ਆਫਤ ਅਤੇ ਅਮਫਾਨ ਚੱਕਰਵਾਤ ਨਾਲ ਨਜਿੱਠਣ ਲਈ ਅਪਣਾਈ ਗਈ ਆਰਥਿਕ ਰਣਨੀਤਕ ਹੈ|
ਉਹਨਾਂ ਨੇ ਟਵੀਟ ਕੀਤਾ, ”ਅਸੀਂ ਕੋਵਿਡ-19 ਆਫ਼ਤ ਅਤੇ ਅਮਫਾਨ ਨਾਲ ਹੋਏ ਨੁਕਸਾਨ ਨਾਲ ਨਜਿੱਠਣ ਲਈ ਇਕ ਬਿਹਤਰ ਆਰਥਿਕ ਰਣਨੀਤੀ ਅਪਣਾਈ| ਇਸ ਦਾ ਸਬੂਤ ਬੇਰੋਜ਼ਗਾਰੀ ਦਰ ਦੇ ਅੰਕੜਿਆਂ ਤੋਂ ਮਿਲਦਾ ਹੈ| ਜੂਨ 2020 ਵਿੱਚ ਪੱਛਮੀ ਬੰਗਾਲ ਦੀ ਬੇਰੋਜ਼ਗਾਰੀ ਦੀ ਦਰ 6.5 ਫੀਸਦੀ ਰਹੀ, ਜਦੋਂ ਕਿ ਦੇਸ਼ ਵਿੱਚ ਇਹ 11 ਫੀਸਦੀ ਰਹੀ| ਉੱਥੇ ਹੀ ਉੱਤਰ ਪ੍ਰਦੇਸ਼ ਵਿੱਚ ਇਹ 9.6 ਫੀਸਦੀ ਅਤੇ ਹਰਿਆਣਾ ਵਿੱਚ 33.6 ਫੀਸਦੀ ਰਹੀ|” ਸੀ.ਐਮ.ਆਈ.ਈ. ਵਲੋਂ ਬੁੱਧਵਾਰ ਨੂੰ ਜਾਰੀ ਅੰਕੜਿਆਂ ਅਨੁਸਾਰ ਜੂਨ ਵਿੱਚ ਦੇਸ਼ ਵਿੱਚ ਬੇਰੋਗਾਰੀ ਦੀ ਦਰ ਘੱਟ ਕੇ 11 ਫੀਸਦੀ ਰਹਿ ਗਈ, ਜਦੋਂ ਕਿ ਮਈ ਵਿੱਚ ਇਹ 23.5 ਫੀਸਦੀ ਸੀ| ਇਸ ਦਾ ਕਾਰਨ ਤਾਲਾਬੰਦੀ ਵਿੱਚ ਢਿੱਲ ਤੋਂ ਬਾਅਦ ਆਰਥਿਕ ਗਤੀਵਿਧੀਆਂ ਸ਼ੁਰੂ ਹੋਣਾ ਹੈ|