ਰੂਪਨਗਰ, 17 ਜੁਲਾਈ 2020 – ਪੰਜਾਬ ਸਰਕਾਰ ਵੱਲੋਂ ਸ੍ਰੀ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਚ ਤਿੰਨ ਸੋਲਰ ਪਾਰਕਾਂ ਨੂੰ ਸਥਾਪਤ ਕੀਤਾ ਜਾਵੇਗਾ। ਜਿਸ ਸਬੰਧ ਵਿੱਚ ਸਰਕਾਰ ਨੇ ਡਿਪਟੀ ਕਮਿਸ਼ਨਰ ਮੋਹਾਲੀ ਤੇ ਰੋਪੜ ਨੂੰ ਜ਼ਮੀਨ ਦੀ ਪਛਾਣ ਕਰਨ ਲਈ ਕਿਹਾ ਹੈ।
ਇਸ ਬਾਰੇ ਖੁਲਾਸਾ ਕਰਦਿਆਂ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਲੋਕ ਸਭਾ ਮਨੀਸ਼ ਤਿਵਾੜੀ ਨੇ ਕਿਹਾ ਕਿ ਉਨ੍ਹਾਂ ਹਲਕੇ ਚ ਸੋਲਰ ਪਾਰਕਾਂ ਨੂੰ ਸਥਾਪਤ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕੋਲ ਮੁੱਦਾ ਚੁੱਕਿਆ ਸੀ, ਜਿਸ ਤੇ ਮੁੱਖ ਮੰਤਰੀ ਨੇ ਤੁਰੰਤ ਪ੍ਰਕਿਰਿਆ ਸ਼ੁਰੂ ਕਰਨ ਦੇ ਆਦੇਸ਼ ਦੇ ਦਿੱਤੇ।
ਉਨ੍ਹਾਂ ਖੁਲਾਸਾ ਕੀਤਾ ਕਿ ਇਸ ਬਾਰੇ ਉਨ੍ਹਾਂ ਸੂਬਾ ਸਰਕਾਰ ਤੋਂ ਸੰਦੇਸ਼ ਮਿਲ ਚੁੱਕਾ ਹੈ ਕਿ ਜ਼ਮੀਨ ਦੀ ਪਛਾਣ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਪੰਜਾਬ ਐਨਰਜੀ ਡਿਵਲਪਮੇਂਟ ਏਜੰਸੀ (ਪੇਡਾ) ਮਾਮਲੇ ਨੂੰ ਭਾਰਤ ਸਰਕਾਰ ਦੇ ਨਿਊ ਅਤੇ ਰੀਨਿਊਏਬਲ ਐਨਰਜੀ ਮੰਤਰਾਲੇ ਕੋਲ ਚੁੱਕੇਗੀ।
ਤਿਵਾੜੀ ਨੇ ਕਿਹਾ ਕਿ 200 ਮੈਗਾਵਾਟ ਦੀਆਂ ਤਿੰਨ ਸੋਲਰ ਪਾਰਕਾਂ ਦੇ ਨਿਰਮਾਣ ਵਾਸਤੇ, ਪ੍ਰਤੀ 200 ਮੈਗਾਵਾਟ 1000 ਏਕੜ ਉਚਿਤ ਜ਼ਮੀਨ ਚਾਹੀਦੀ ਹੈ, ਜਦਕਿ ਮੰਤਰਾਲੇ ਦੇ ਨਿਰਦੇਸ਼ਾਂ ਅਨੁਸਾਰ ਕਰੀਬ 500 ਏਕੜ ਜ਼ਮੀਨ ਤੇ 100 ਮੈਗਾਵਾਟ ਸੋਲਰ ਪਾਰਕ ਇਕ ਹੀ ਜਗ੍ਹਾ ਤੇ ਲੱਗ ਸਕਦਾ ਹੈ।
ਜਿਸ ਲਈ ਸੂਬਾ ਸਰਕਾਰ ਨੇ ਜ਼ਿਲ੍ਹਾ ਪ੍ਰਸ਼ਾਸਨ ਮੁਹਾਲੀ ਅਤੇ ਰੂਪਨਗਰ ਨੂੰ ਜ਼ਮੀਨ ਦੀ ਜਲਦ ਤੋਂ ਜਲਦ ਪਛਾਣ ਕਰਨ ਨਿਰਦੇਸ਼ ਦੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਪ੍ਰੋਜੈਕਟ ਪੂਰਾ ਹੋ ਜਾਣ ਤੇ ਇਲਾਕੇ ਲਈ ਇੱਕ ਮੀਲ ਦਾ ਪੱਥਰ ਸਾਬਤ ਹੋਵੇਗਾ, ਜਿਹੜਾ 10 ਹਜ਼ਾਰ ਕਰੋੜ ਰੁਪਏ ਤੋਂ ਵੱਧ ਦੇ ਨਿੱਜੀ ਨਿਵੇਸ਼ ਨੂੰ ਖਿੱਚਣ ਦੇ ਕਾਬਲੀਅਤ ਰੱਖਦਾ ਹੈ, ਕਿਉਂਕਿ ਰੀਨਿਊਏਬਲ ਭਵਿੱਖ ਦੀ ਐਨਰਜੀ ਹੈ।