ਹੈਦਰਾਬਾਦ 16 ਫਰਵਰੀ – ਸ਼ੇਖ ਮੁਜ਼ੱਮਿਲ ਅਹਿਮਦ ਨਾਮ ਦੇ ਇੱਕ ਭਾਰਤੀ ਵਿਦਿਆਰਥੀ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਅਹਿਮਦ (25) ਹੈਦਰਾਬਾਦ ਦਾ ਰਹਿਣ ਵਾਲਾ ਸੀ। ਤੇਲੰਗਾਨਾ ਆਧਾਰਿਤ ਸਿਆਸੀ ਪਾਰਟੀ ਮਜਲਿਸ ਬਚਾਓ ਤਹਿਰੀਕ (ਐੱਮ.ਬੀ.ਟੀ.) ਦੇ ਆਗੂ ਅਮਜਦ ਉੱਲਾ ਖ਼ਾਨ ਨੇ ਸੋਸ਼ਲ ਮੀਡੀਆ ਤੇ ਇਸ ਘਟਨਾ ਦੀ ਜਾਣਕਾਰੀ ਦਿੱਤੀ।
ਐੱਮ.ਬੀ.ਟੀ. ਆਗੂ ਨੇ ਕਿਹਾ ਕਿ ਅਹਿਮਦ ਪਿਛਲੇ ਹਫ਼ਤੇ ਤੋਂ ਬੁਖ਼ਾਰ ਨਾਲ ਪੀੜਤ ਸੀ, ਪਰ ਉਸ ਦੇ ਪਰਿਵਾਰ ਨੂੰ ਅਹਿਮਦ ਦੇ ਦੋਸਤ ਦਾ ਫ਼ੋਨ ਆਇਆ ਕਿ ਉਸ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੇ ਮ੍ਰਿਤਕ ਦੇ ਪਰਿਵਾਰ ਵੱਲੋਂ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੂੰ ਮਦਦ ਲਈ ਬੇਨਤੀ ਕਰਨ ਵਾਲਾ ਪੱਤਰ ਵੀ ਸੋਸ਼ਲ ਮੀਡੀਆ ਤੇ ਪੋਸਟ ਕੀਤਾ। ਸੋਸ਼ਲ ਮੀਡੀਆ ਪਲੇਟਫਾਰਮ ਤੇ ਅਮਜਦ ਉੱਲਾ ਖਾਨ ਨੇ ਕਿਹਾ ਹੈਦਰਾਬਾਦ ਤੇਲੰਗਾਨਾ ਰਾਜ ਦਾ 25 ਸਾਲ ਦਾ ਸ਼ੇਖ ਮੁਜ਼ੱਮਿਲ ਅਹਿਮਦ ਦਸੰਬਰ 2022 ਤੋਂ ਕੈਨੇਡਾ ਦੇ ਓਨਟਾਰੀਓ ਵਿੱਚ ਕਿਚਨਰ ਸਿਟੀ ਵਿੱਚ ਵਾਟਰਲੂ ਕੈਂਪਸ ਦੇ ਕੋਨੇਸਟੋਗਾ ਕਾਲਜ ਤੋਂ ਆਈ.ਟੀ. ਵਿੱਚ ਮਾਸਟਰਜ਼ ਕਰ ਰਿਹਾ ਸੀ।ੇ ਮੌਤ ਤੋਂ ਬਾਅਦ ਉਸਦੇ ਮਾਤਾ-ਪਿਤਾ ਅਤੇ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਓਟਾਵਾ ਵਿੱਚ ਭਾਰਤੀ ਹਾਈ ਕਮਿਸ਼ਨ ਅਤੇ ਟੋਰਾਂਟੋ ਵਿਚ ਭਾਰਤੀ ਕੌਂਸਲੇਟ ਜਨਰਲ ਨੂੰ ਜਲਦੀ ਤੋਂ ਜਲਦੀ ਉਸਦੀ ਮ੍ਰਿਤਕ ਦੇਹ ਨੂੰ ਹੈਦਰਾਬਾਦ ਭੇਜਣ ਲਈ ਕਹੋ।
ਇਸ ਤੋਂ ਪਹਿਲਾਂ, ਐੱਮ.ਬੀ.ਟੀ. ਨੇਤਾ ਖਾਨ ਨੇ ਉਸ ਮਾਮਲੇ ਨੂੰ ਵੀ ਉਜਾਗਰ ਕੀਤਾ ਸੀ, ਜਿੱਥੇ ਸ਼ਿਕਾਗੋ ਵਿੱਚ ਇੱਕ ਹੋਰ ਭਾਰਤੀ ਵਿਦਿਆਰਥੀ ਸਈਦ ਮਜ਼ਾਹਿਰ ਅਲੀ ਤੇ ਬੇਰਹਿਮੀ ਨਾਲ ਹਮਲਾ ਕੀਤਾ ਗਿਆ ਸੀ। ਉਦੋਂ ਸ਼ਿਕਾਗੋ ਸਥਿਤ ਭਾਰਤੀ ਵਣਜ ਦੂਤਘਰ ਨੇ ਭਾਰਤ ਵਿਚ ਪੀੜਤ ਦੀ ਪਤਨੀ ਦੇ ਸੰਪਰਕ ਵਿੱਚ ਰਹਿਣ ਦਾ ਭਰੋਸਾ ਦਿੱਤਾ ਸੀ ਅਤੇ ਹਰ ਸੰਭਵ ਸਹਾਇਤਾ ਦਾ ਭਰੋਸਾ ਵੀ ਦਿੱਤਾ ਸੀ।