ਮੁੰਬਈ, 16 ਫਰਵਰੀ – ਮੁੰਬਈ ਹਵਾਈ ਅੱਡੇ ਤੇ ਏਅਰ ਇੰਡੀਆ ਦੇ 80 ਸਾਲਾ ਯਾਤਰੀ ਨੇ ਵ੍ਹੀਲਚੇਅਰ ਲਈ ਬੇਨਤੀ ਕੀਤੀ ਪਰ ਵ੍ਹੀਲਚੇਅਰ ਦੀ ਭਾਰੀ ਮੰਗ ਕਾਰਨ ਉਡੀਕ ਕਰਨ ਲਈ ਕਹੇ ਜਾਣ ਤੇ ਉਸ ਵਿਅਕਤੀ ਨੇ ਤੁਰਨ ਦਾ ਫ਼ੈਸਲਾ ਕੀਤਾ। ਹਾਲਾਂਕਿ, ਇਮੀਗ੍ਰੇਸ਼ਨ ਪ੍ਰਕਿਰਿਆ ਦੌਰਾਨ ਡਿੱਗਣ ਨਾਲ ਉਸ ਦੀ ਮੌਤ ਹੋ ਗਈ। ਇਹ ਘਟਨਾ 12 ਫਰਵਰੀ ਨੂੰ ਨਿਊਯਾਰਕ ਤੋਂ ਏਅਰ ਇੰਡੀਆ ਦੀ ਫਲਾਈਟ ਤੋਂ ਯਾਤਰੀ ਦੇ ਉਤਰਨ ਤੋਂ ਬਾਅਦ ਹਵਾਈ ਅੱਡੇ ਤੇ ਵਾਪਰੀ। ਏਅਰਲਾਈਨ ਦੇ ਬੁਲਾਰੇ ਨੇ ਅੱਜ ਦੱਸਿਆ ਕਿ ਯਾਤਰੀ ਦੀ ਉਮਰ 80 ਸਾਲ ਤੋਂ ਵੱਧ ਸੀ। ਏਅਰ ਇੰਡੀਆ ਨੇ ਅੱਜ ਇਕ ਬਿਆਨ ਵਿਚ ਕਿਹਾ ਕਿ ਵ੍ਹੀਲਚੇਅਰ ਦੀ ਜ਼ਿਆਦਾ ਮੰਗ ਦੇ ਕਾਰਨ, ਉਸ ਨੇ ਯਾਤਰੀ ਨੂੰ ਏਅਰਲਾਈਨ ਸਟਾਫ਼ ਦੀ ਸਹਾਇਤਾ ਵਾਲੀ ਵ੍ਹੀਲਚੇਅਰ ਦੀ ਉਡੀਕ ਕਰਨ ਲਈ ਕਿਹਾ ਸੀ ਪਰ ਵਿਅਕਤੀ ਨੇ ਵ੍ਹੀਲਚੇਅਰ ਤੇ ਬੈਠੀ ਆਪਣੀ ਪਤਨੀ ਨਾਲ ਤੁਰਨ ਦਾ ਬਦਲ ਚੁਣਿਆ।
ਏਅਰਲਾਈਨ ਨੇ ਕਿਹਾ ਇਕ ਮੰਦਭਾਗੀ ਘਟਨਾ ਵਿਚ 12 ਫਰਵਰੀ ਨੂੰ ਨਿਊਯਾਰਕ ਤੋਂ ਮੁੰਬਈ ਲਈ ਉਡਾਣ ਭਰਨ ਵਾਲੇ ਸਾਡੇ ਯਾਤਰੀਆਂ ਵਿਚੋਂ ਇਕ ਆਪਣੀ ਪਤਨੀ ਨਾਲ ਇਮੀਗ੍ਰੇਸ਼ਨ ਪ੍ਰਕਿਰਿਆ ਪੂਰੀ ਕਰਨ ਦੌਰਾਨ ਬੀਮਾਰ ਪੈ ਗਏ। ਉਨ੍ਹਾਂ ਦੀ ਪਤਨੀ ਵ੍ਹੀਲਚੇਅਰ ਤੇ ਸਨ। ਏਅਰਲਾਈਨ ਨੇ ਕਿਹਾ ਕਿ ਬੀਮਾਰ ਪੈਣ ਤੋਂ ਬਾਅਦ ਵਿਅਕਤੀ ਦਾ ਇਲਾਜ ਕਰ ਰਹੇ ਹਵਾਈ ਅੱਡੇ ਦੇ ਡਾਕਟਰ ਦੀ ਸਲਾਹ ਅਨੁਸਾਰ ਯਾਤਰੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਗਿਆ। ਏਅਰ ਇੰਡੀਆ ਅਨੁਸਾਰ ਉਹ ਸੋਗ ਪੀੜਤ ਪਰਿਵਾਰ ਦੇ ਮੈਂਬਰਾਂ ਨਾਲ ਲਗਾਤਾਰ ਸੰਪਰਕ ਵਿਚ ਹੈ ਅਤੇ ਜ਼ਰੂਰੀ ਮਦਦ ਪ੍ਰਦਾਨ ਕਰ ਰਹੀ ਹੈ। ਏਅਰਲਾਈਨ ਨੇ ਕਿਹਾ ਕਿ ਵ੍ਹੀਲਚੇਅਰ ਦੀ ਪ੍ਰੀ-ਬੁਕਿੰਗ ਕਰਨ ਵਾਲੇ ਸਾਰੇ ਯਾਤਰੀਆਂ ਨੂੰ ਵ੍ਹੀਲਚੇਅਰ ਮਦਦ ਪ੍ਰਦਾਨ ਕਰਨ ਬਾਰੇ ਉਸ ਦੀ ਸਪੱਸ਼ਟ ਤੈਅ ਨੀਤੀ ਹੈ। ਘਟਨਾ ਤੇ ਮੁੰਬਈ ਹਵਾਈ ਅੱਡੇ ਦੇ ਸੰਚਾਲਕ ਐਮ.ਆਈ.ਏ.ਐੱਲ. ਵਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ ਹੈ।