ਸੁਜਾਨਪੁਰ, 9 ਨਵੰਬਰ- ਪਠਾਨਕੋਟ ਵਿੱਚ ਅੱਜ ਸਵੇਰੇ ਬੱਚਿਆਂ ਨਾਲ ਭਰੀ ਸਕੂਲੀ ਬੱਸ ਓਵਰਟੇਕ ਕਰਨ ਕਾਰਨ ਮੁੱਖ ਸੜਕ ਤੋਂ ਫਿਸਲ ਕੇ ਪਲਟ ਗਈ। ਜਿਸ ਕਾਰਨ ਦਰਜਨ ਦੇ ਕਰੀਬ ਬੱਚੇ ਜ਼ਖਮੀ ਹੋ ਗਏ। ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਵਲੋਂ ਬੱਚਿਆਂ ਨੂੰ ਬਾਹਰ ਕੱਢਿਆ ਗਿਆ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਹਾਦਸਾ ਪਠਾਨਕੋਟ ਦੇ ਸੁਜਾਨਪੁਰ ਰੋਡ ਤੇ ਵਾਪਰਿਆ। ਦਰਅਸਲ ਸੁਜਾਨਪੁਰ ਰੋਡ ਤੇ ਇਕ ਨਿੱਜੀ ਸਕੂਲ ਦੀ ਤੇਜ਼ ਰਫਤਾਰ ਬੱਸ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਇਸ ਦੌਰਾਨ ਬੱਸ ਆਪਣਾ ਸੰਤੁਲਨ ਗੁਆ ਬੈਠੀ ਅਤੇ ਸੜਕ ਤੋਂ ਤਿਲਕ ਕੇ ਸੜਕ ਦੇ ਹੇਠਾਂ ਜਾ ਡਿੱਗੀ। ਸਥਾਨਕ ਲੋਕਾਂ ਮੁਤਾਬਕ ਬੱਸ ਬੱਚਿਆਂ ਨਾਲ ਭਰੀ ਹੋਈ ਸੀ। ਬੱਚਿਆਂ ਨੂੰ ਬੱਸ ਵਿੱਚੋਂ ਬਾਹਰ ਕੱਢਿਆ। ਹਾਦਸੇ ਵਿੱਚ ਕੋਈ ਵੀ ਬੱਚਾ ਗੰਭੀਰ ਰੂਪ ਵਿੱਚ ਜ਼ਖਮੀ ਨਹੀਂ ਹੋਇਆ। ਪਰ, ਕੁਝ ਜ਼ਖਮੀ ਬੱਚਿਆਂ ਨੂੰ ਡਰੈਸਿੰਗ ਲਈ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ। ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਮੁੱਢਲੀ ਜਾਂਚ ਵਿੱਚ ਬੱਸ ਤੇ ਨਾ ਤਾਂ ਸਕੂਲ ਦਾ ਨਾਂ ਲਿਖਿਆ ਗਿਆ ਅਤੇ ਨਾ ਹੀ ਕੋਈ ਜ਼ਰੂਰੀ ਹਦਾਇਤਾਂ ਲਿਖੀਆਂ ਗਈਆਂ। ਇੰਨਾ ਹੀ ਨਹੀਂ ਐਮਰਜੈਂਸੀ ਸਮੇਂ ਸੰਪਰਕ ਕਰਨ ਵਾਲਾ ਨੰਬਰ ਵੀ ਨਹੀਂ ਛਾਪਿਆ ਗਿਆ।