ਜਲੰਧਰ, 31 ਅਗਸਤ – ਫਿਲਮ ‘ਯਾਰੀਆਂ-2’ ਵਿੱਚ ਮੋਨੇ ਕਲਾਕਾਰ ਵੱਲੋਂ ਸਿੱਖ ਧਰਮ ਨਾਲ ਸਬੰਧਤ ਪਵਿੱਤਰ ਕਕਾਰ ਪਹਿਨ ਕੇ ਗੀਤ ਪੇਸ਼ ਕੀਤੇ ਜਾਣ ਨੂੰ ਲੈ ਕੇ ਸਿੱਖ ਤਾਲਮੇਲ ਕਮੇਟੀ ਦੇ ਵਿਰੋਧ ਤੋਂ ਬਾਅਦ ਜਲੰਧਰ ਵਿੱਚ ਫਿਲਮ ਦੇ ਪ੍ਰੋਡਿਊਸਰ ਤੇ ਡਾਇਰੈਕਟਰ ਖ਼ਿਲਾਫ਼ ਪੁਲੀਸ ਡਵੀਜ਼ਨ ਨੰਬਰ ਚਾਰ ਵਿੱਚ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਤੋਂ ਪਹਿਲਾਂ ਦਿਨੇ ਕਮੇਟੀ ਦੇ ਪ੍ਰਤੀਨਿਧੀਆਂ ਨੇ ਪੁਲੀਸ ਡਵੀਜ਼ਨ ਨੰਬਰ 4 ਦੇ ਐਸ.ਐਚ.ਓ. ਅਸ਼ੋਕ ਕੁਮਾਰ ਨੂੰ ਮੰਗ ਪੱਤਰ ਦੇ ਕੇ ਮਾਮਲਾ ਦਰਜ ਕਰਨ ਦੀ ਮੰਗ ਰੱਖੀ ਸੀ। ਇਸ ਦੇ ਨਾਲ ਹੀ ਪੁਲਿਸ ਡਵੀਜ਼ਨ ਨੰਬਰ 4 ਦਾ ਘਿਰਾਓ ਕਰਨ ਦੀ ਚਿਤਾਵਨੀ ਦੇਣ ਤੋਂ ਬਾਅਦ ਜਿਵੇਂ ਹੀ ਸਿੱਖ ਤਾਲਮੇਲ ਕਮੇਟੀ ਦੇ ਮੈਂਬਰ ਭਗਵਾਨ ਵਾਲਮੀਕਿ ਚੌਕ ਪੁੱਜੇ ਤਾਂ ਪੁਲੀਸ ਅਧਿਕਾਰੀਆਂ ਨੇ ਸੰਗਠਨਾਂ ਦੇ ਪ੍ਰਤੀਨਿਧੀਆਂ ਦੀ ਮੰਗ ਪੂਰੀ ਕਰਦਿਆਂ ਇਹ ਮਾਮਲਾ ਦਰਜ ਕਰ ਲਿਆ। ਇਸ ਤੋਂ ਪਹਿਲਾਂ ਦੁਪਹਿਰ ਵੇਲੇ ਪੁਲੀਸ ਚੌਕੀ ਪੁੱਜੇ ਸਿੱਖ ਤਾਲਮੇਲ ਕਮੇਟੀ ਦੇ ਮੁਖੀ ਤੇਜਿੰਦਰ ਸਿੰਘ ਪਰਦੇਸੀ, ਹਰਪਾਲ ਸਿੰਘ ਚੱਢਾ, ਹਰਪ੍ਰੀਤ ਸਿੰਘ ਨੀਟੂ, ਗੁਰਵਿੰਦਰ ਸਿੰਘ ਸਿੱਧੂ ਆਦਿ ਨੇ ਕਿਹਾ ਕਿ ਕਦੇ ਦਸਤਾਰ ਤੇ ਕਦੇ ਸਿੱਖ ਕਕਾਰਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕਰਨ ਤੋਂ ਇਲਾਵਾ ਗਲਤ ਪੇਸ਼ਕਾਰੀ ਦੇ ਕੇ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਫਿਲਮ ਦੇ ਇਤਰਾਜ਼ਯੋਗ ਦ੍ਰਿਸ਼ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ।