ਅੰਮ੍ਰਿਤਸਰ, 9 ਨਵੰਬਰ -ਅੰਮ੍ਰਿਤਸਰ ਦੇ ਪਿੰਡ ਪੰਧੇਰ ਕਲਾ ਵਿਚ ਇੱਕ ਨੌਜਵਾਨ ਨੇ ਆਪਣੇ ਹੀ ਮਾਂ-ਬਾਪ ਦੀ ਜਾਨ ਲੈ ਲਈ ਹੈ। ਜ਼ਿਕਰਯੋਗ ਹੈ ਕਿ ਮਾਪਿਆਂ ਨੇ ਪੁੱਤ ਨੂੰ ਸ਼ਰਾਬ ਪੀ ਕੇ ਵਿਆਹ ਵਿੱਚ ਜਾਣ ਤੋਂ ਰੋਕਿਆ ਸੀ, ਇਸ ਕਾਰਨ ਗੁੱਸੇ ਵਿੱਚ ਆ ਕੇ ਨੌਜਵਾਨ ਨੇ ਮਾਂ-ਪਿਓ ਦਾ ਕਤਲ ਕਰ ਦਿੱਤਾ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲੀਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਿੰਡ ਵਿੱਚ ਹੀ ਇੱਕ ਨੌਜਵਾਨ ਦੇ ਵਿਆਹ ਦੀ ਰਸਮ ਚੱਲ ਰਹੀ ਸੀ। ਬੀਤੀ ਦੇਰ ਰਾਤ ਪਿੰਡ ਵਿੱਚ ਜਾਗੋ ਕੱਢੀ ਜਾ ਰਹੀ ਸੀ। ਇਸੇ ਦੌਰਾਨ ਪ੍ਰੀਤਪਾਲ ਸਿੰਘ ਸ਼ਰਾਬ ਪੀ ਕੇ ਘਰ ਆਇਆ। ਇਹ ਦੇਖ ਕੇ ਮਾਪੇ ਗੁੱਸੇ ਵਿੱਚ ਆ ਗਏ। ਉਹ ਫਿਰ ਜਾਗੋ ਕੋਲ ਜਾਣ ਦੀ ਜ਼ਿੱਦ ਕਰਨ ਲੱਗਾ। ਪਰ ਉਸਦੇ ਮਾਪਿਆਂ ਨੇ ਉਸਨੂੰ ਜਾਣ ਤੋਂ ਰੋਕ ਦਿੱਤਾ।
ਇਸ ਗੱਲ ਨੂੰ ਲੈ ਕੇ ਉਨ੍ਹਾਂ ਵਿੱਚ ਬਹਿਸ ਸ਼ੁਰੂ ਹੋ ਗਈ। ਗੁੱਸੇ ਵਿੱਚ ਆਏ ਪੁੱਤਰ ਪ੍ਰੀਤਪਾਲ ਸਿੰਘ ਨੇ ਆਪਣੇ ਮਾਤਾ-ਪਿਤਾ ਤੇ ਰਾਡ ਨਾਲ ਹਮਲਾ ਕਰ ਦਿੱਤਾ। ਜਿਸ ਤੋਂ ਬਾਅਦ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਗੁਰਮੀਤ ਸਿੰਘ ਅਤੇ ਕੁਲਵਿੰਦਰ ਕੌਰ ਉਮਰ ਕਰੀਬ 70 ਸਾਲ ਵਜੋਂ ਹੋਈ ਹੈ। ਇਸ ਦੌਰਾਨ ਪੁਲੀਸ ਲਾਸ਼ਾਂ ਕਬਜ਼ੇ ਵਿੱਚ ਲੈ ਲਈਆਂ ਹਨ ਅਤੇ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹੈ।