ਦੌਸਾ, 6 ਨਵੰਬਰ – ਰਾਜਸਥਾਨ ਦੇ ਦੌਸਾ ਵਿਚ ਇਕ ਭਿਆਨਕ ਹਾਦਸੇ ਵਿਚ 4 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ 24 ਵਿਅਕਤੀ ਜ਼ਖ਼ਮੀ ਹੋਏ ਹਨ, ਜਿਨ੍ਹਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਡੀਐਮ ਸਮੇਤ ਸਾਰੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਜ਼ਿਕਰਯੋਗ ਹੈ ਕਿ ਇਹ ਹਾਦਸਾ ਨੈਸ਼ਨਲ ਹਾਈਵੇ-21 ਤੇ ਵਾਪਰਿਆ। ਇਥੇ ਇਕ ਯਾਤਰੀ ਬੱਸ ਪੁਲੀ ਦੀ ਰੇਲਿੰਗ ਤੋੜ ਕੇ ਹੇਠਾਂ ਰੇਲਵੇ ਟਰੈਕ ਤੇ ਜਾ ਡਿੱਗੀ, ਜਿਸ ਕਾਰਨ ਰੇਲ ਗੱਡੀਆਂ ਦੀ ਆਵਾਜਾਈ ਵੀ ਠੱਪ ਹੋ ਗਈ।
ਦੌਸਾ ਦੇ ਡੀਐਮ ਕਮਰ ਚੌਧਰੀ ਅਨੁਸਾਰ ਬੀਤੀ ਰਾਤ ਕਰੀਬ 2.15 ਵਜੇ ਨੈਸ਼ਨਲ ਹਾਈਵੇਅ-21 ਤੇ ਇਹ ਸੜਕ ਹਾਦਸਾ ਵਾਪਰਿਆ। ਇਥੇ ਹਰਿਦੁਆਰ ਤੋਂ ਜੈਪੁਰ ਵੱਲ ਜਾ ਰਹੀ ਇਕ ਯਾਤਰੀ ਬੱਸ ਬੇਕਾਬੂ ਹੋ ਕੇ ਲੋਹੇ ਦੀ ਰੇਲਿੰਗ ਤੋੜ ਕੇ ਪੁਲੀ ਤੋਂ ਹੇਠਾਂ ਜਾ ਡਿੱਗੀ।
ਬੱਸ ਪੁਲੀ ਤੋਂ ਰੇਲਵੇ ਟਰੈਕ ਤੇ ਡਿੱਗਣ ਦੀ ਸੂਚਨਾ ਮਿਲਦਿਆਂ ਹੀ ਜ਼ਿਲ੍ਹੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਪੁਲੀਸ ਅਤੇ ਐਂਬੂਲੈਂਸ ਦੀਆਂ ਗੱਡੀਆਂ ਮੌਕੇ ਤੇ ਪਹੁੰਚ ਗਈਆਂ।