ਐਸ.ਏ.ਐਸ.ਨਗਰ, 01 ਅਕਤੂਬਰ 2020 – ਹਲਕਾ ਮੋਹਾਲੀ ਦੀਆਂ ਮਾਰਕੀਟਾਂ ਅਤੇ ਸਰਕਾਰੀ ਸਕੂਲਾਂ ਵਿਚ ਜੰਗੀ ਪੱਧਰ ‘ਤੇ ਚੱਲ ਰਹੇ ਵਿਕਾਸ ਕਾਰਜਾਂ ਦੀ ਕਵਾਇਦ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਲਗਭਗ 1 ਕਰੋੜ 20 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜਾਂ ਲਈ ਫ਼ੰਡ ਜਾਰੀ ਕੀਤੇ ਹਨ। ਸਿਹਤ ਮੰਤਰੀ ਨੇ ਜਿਥੇ ਸ਼ਹਿਰ ਦੀਆਂ ਵੱਖ ਵੱਖ ਮਾਰਕੀਟਾਂ ਵਿਚ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖੇ, ਉਥੇ ਦੋ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਦੇ ਵਿਕਾਸ ਲਈ ਗ੍ਰਾਂਟ ਦੇ ਚੈੱਕ ਸੌਂਪੇ।
ਸਿੱਧੂ ਨੇ ਵੇਰਵੇ ਸਾਂਝੇ ਕਰਦਿਆਂ ਦਸਿਆ ਕਿ ਹਲਕੇ ਦੇ ਸਰਕਾਰੀ ਸਕੂਲਾਂ ਦਾ ਮੂੰਹ-ਮੁਹਾਂਦਰਾ ਬਦਲਣ ਦੀ ਦਿਸ਼ਾ ਵਿਚ ਸਿਹਤ ਮੰਤਰੀ ਨੇ ਸਰਕਾਰੀ ਮਿਡਲ ਸਕੂਲ ਫ਼ੇਜ਼ 2 ਦੀ ਇਮਾਰਤ ਦੀ ਮੁਰੰਮਤ ਲਈ ਸਾਢੇ ਨੌਂ ਲੱਖ ਰੁਪਏ ਦਾ ਚੈੱਕ ਸਕੂਲ ਦੀ ਮੁੱਖ ਅਧਿਆਪਕਾ ਨੂੰ ਸੌਂਪਿਆ। ਇਸੇ ਤਰ੍ਹਾਂ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਫ਼ੇਜ਼ 3ਬੀ1 ਵਿਚ ‘ਮਿੱਡ ਡੇਅ ਮੀਲ ਸ਼ੈੱਡ’ ਦੀ ਉਸਾਰੀ ਲਈ ਸਕੂਲ ਦੀ ਪ੍ਰਿੰਸੀਪਲ ਨੂੰ 5 ਲੱਖ ਰੁਪਏ ਦਾ ਚੈੱਕ ਸੌਂਪਿਆ। ਉਨ੍ਹਾਂ ਕਿਹਾ ਕਿ ਇਸ ਸਕੂਲ ਵਿਚ ਸ਼ੈੱਡ ਦੀ ਉਸਾਰੀ ਨਾਲ ਸਕੂਲੀ ਬੱਚਿਆਂ ਲਈ ਖਾਣਾ ਬਣਾਉਣ ਅਤੇ ਵਰਤਾਉਣ ਸਮੇਤ ਹੋਰ ਸਬੰਧਤ ਕੰਮ ਛੱਤ ਹੇਠ ਸੁਚੱਜੇ ਢੰਗ ਨਾਲ ਹੋ ਸਕਣਗੇ।
ਉਨ੍ਹਾਂ ਦਸਿਆ ਕਿ ਫ਼ੇਜ਼ 7 ਦੇ ਪਾਰਕ ਨੰਬਰ 14 ਦੀ ਨੁਹਾਰ ਬਦਲੀ ਜਾ ਰਹੀ ਹੈ ਜਿਸ ਲਈ 45 ਲੱਖ ਰੁਪਏ ਦੀ ਲਾਗਤ ਵਾਲੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਇਸ ਤੋਂ ਇਲਾਵਾ 23 ਲੱਖ ਰੁਪਏ ਦੀ ਲਾਗਤ ਨਾਲ ਕਮਾਂਡੋ ਕੰਪਲੈਕਸ ਦੀਆਂ ਸੜਕਾਂ ਅਤੇ 40 ਲੱਖ ਰੁਪਏ ਦੀ ਲਾਗਤ ਨਾਲ ਫ਼ੇਜ਼ 10 ਦੀ ਮਾਰਕੀਟ ਦੀ ਪਾਰਕਿੰਗ ਦਾ ਨਵੀਨੀਕਰਨ ਕੀਤਾ ਜਾਵੇਗਾ।
ਸਿਹਤ ਮੰਤਰੀ ਨੇ ਫ਼ੇਜ਼ 7 ਅਤੇ ਫ਼ੇਜ਼ 11 ਵਿਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ ਵੀ ਲਿਆ। ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਸ਼ਹਿਰ ਦੀਆਂ ਵੱਖ-ਵੱਖ ਮਾਰਕੀਟਾਂ ਦੇ ਨਵੀਨੀਕਰਨ ਦਾ ਕੰਮ ਕਾਫ਼ੀ ਸਮੇਂ ਤੋਂ ਚੱਲ ਰਿਹਾ ਹੈ ਜਿਸ ਲਈ ਕਰੋੜਾਂ ਰੁਪਏ ਦੀਆਂ ਗ੍ਰਾਂਟਾਂ ਪਹਿਲਾਂ ਹੀ ਦਿਤੀਆਂ ਜਾ ਚੁਕੀਆਂ ਹਨ ਅਤੇ ਬਹੁਤੇ ਵਿਕਾਸ ਕਾਰਜ ਮੁਕੰਮਲ ਹੋ ਚੁੱਕੇ ਹਨ। ਉਨ੍ਹਾਂ ਕਿਹਾ ਕਿ ਪੜ੍ਹਾਈ ਅਤੇ ਬੁਨਿਆਦੀ ਢਾਂਚੇ ਪੱਖੋਂ ਹਲਕੇ ਦੇ ਸਰਕਾਰੀ ਸਕੂਲਾਂ ਦਾ ਪੱਧਰ ਉੱਚਾ ਚੁੱਕਣ ਦੇ ਯਤਨ ਲਗਾਤਾਰ ਜਾਰੀ ਹਨ, ਜਿਸ ਲਈ ਵੱਖ-ਵੱਖ ਸਕੂਲਾਂ ਨੂੰ ਭਾਰੀ ਮਾਲੀ ਇਮਦਾਦ ਦਿਤੀ ਜਾ ਚੁਕੀ ਹੈ। ਸ. ਸਿੱਧੂ ਨੇ ਕਿਹਾ ਕਿ ਭਾਵੇਂ ਸੂਬਾ ‘ਕੋਰੋਨਾ ਵਾਇਰਸ’ ਦੀ ਮਹਾਂਮਾਰੀ ਨਾਲ ਜੂਝ ਰਿਹਾ ਹੈ ਜਿਸ ਕਾਰਨ ਆਰਥਕ ਤੰਗੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਪਰ ਵਿਕਾਸ ਕਾਰਜਾਂ ਲਈ ਗ੍ਰਾਂਟਾਂ ਜਾਰੀ ਕਰਨ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ।
ਇਸ ਮੌਕੇ ਸਿਹਤ ਮੰਤਰੀ ਦੇ ਸਿਆਸੀ ਸਕੱਤਰ ਅਤੇ ਮਾਰਕੀਟ ਕਮੇਟੀ ਖਰੜ ਦੇ ਚੇਅਰਮੈਨ ਸ੍ਰੀ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਡਾ. ਕਮਲ ਕੁਮਾਰ ਗਰਗ ਮਿਊਂਸਪਲ ਕਮਿਸ਼ਨਰ, ਮੁਕੇਸ਼ ਗਰਗ ਨਿਗਰਾਨ ਇੰਜਨੀਅਰ, ਚੇਅਰਮੈਨ ਸਹਿਕਾਰੀ ਬੈਂਕ ਅਮਰਜੀਤ ਸਿੰਘ ਜੀਤੀ ਸਿੱਧੂ, ਪ੍ਰਿੰਸੀਪਲ ਸੁਖਵਿੰਦਰ ਕੌਰੀ ਧਾਰੀਵਾਲ, ਮੁੱਖ ਅਧਿਆਪਕਾ ਸੁਖਮਿੰਦਰ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਹਿੰਮਤ ਸਿੰਘ ਹੁੰਦਲ, ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਗੁਰਪ੍ਰੀਤ ਕੌਰ ਧਾਰੀਵਾਲ, ਸਾਬਕਾ ਐਮ.ਸੀ. ਰਾਜਿੰਦਰ ਸਿੰਘ ਰਾਣਾ, ਕੁਲਜੀਤ ਸਿੰਘ ਬੇਦੀ ਸਾਬਕਾ ਐਮ.ਸੀ, ਸਾਬਕਾ ਐਮ.ਸੀ. ਵਿਨੋਦ ਮਮਿਕ, ਰਾਜਾ ਕੰਵਰਜੋਤ ਸਿੰਘ, ਜਗਰੂਪ ਸਿੰਘ ਭੰਗੂ, ਮਨਮੋਹਨ ਕੌਰ, ਜੀ. ਐਸ. ਰਿਆੜ, ਜਸਪਾਲ ਸਿੰਘ ਟਿਵਾਣਾ, ਅਮਿਤ ਮਰਵਾਹਾ, ਐਚ. ਐਸ. ਕੰਵਲ, ਬਲਜੀਤ ਕੌਰ, ਰੁਪਿੰਦਰ ਕੌਰ ਰੀਨਾ, ਆਈ. ਡੀ. ਸਿੰਘ ਤੋਂ ਇਲਾਵਾ ਅਤੇ ਹੋਰ ਪਤਵੰਤੇ ਮੌਜੂਦ ਸਨ।