ਸਰੀ, 4 ਜੂਨ 2020 – ਕੋਰੋਨਾ ਮਹਾਂਮਾਰੀ ਦੇ ਕਾਰਨ ਗਰੌਸਰੀ, ਦਵਾਈਆਂ, ਟੈਕਸੀਆਂ ਆਦਿ ਦੇ ਵਾਧੂ ਖਰਚਿਆਂ ਦਾ ਸਾਹਮਣਾ ਕਰ ਰਹੇ ਬਜ਼ੁਰਗਾਂ ਨੂੰ ਕੈਨੇਡਾ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ 500 ਡਾਲਰ ਦੀ ਐਮਰਜੈਂਸੀ ਸਹਾਇਤਾ ਦੀ ਅਦਾਇਗੀ ਜੁਲਾਈ ਦੇ ਪਹਿਲੇ ਹਫਤੇ ਸ਼ੁਰੂ ਹੋ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਅੱਜ ਸਵੇਰੇ ਓਟਾਵਾ ਵਿੱਚ ਆਪਣੀ ਰੋਜ਼ਾਨਾ ਨਿਊਜ਼ ਕਾਨਫਰੰਸ ਦੌਰਾਨ ਐਲਾਨ ਕਰਦਿਆਂ ਕਿਹਾ ਕਿ ਇਸ ਰਾਹਤ ਦਾ ਭੁਗਤਾਨ 6 ਜੁਲਾਈ ਤੋਂ ਸ਼ੁਰੂ ਹੋ ਜਾਵੇਗਾ। ਇਹ ਰਾਹਤ ਕੋਵਿਡ-19 ਦੇ ਕਾਰਨ ਰਹਿਣ-ਸਹਿਣ ਦੀ ਲਾਗਤ ਵਿੱਚ ਆਏ ਵਾਧੇ ਦੀ ਪੂਰਤੀ ਹਿਤ ਹੈ।
ਇਸ ਰਾਹਤ ਤਹਿਤ ਓਲਡ ਏਜ ਸਿਕਉਰਿਟੀ (ਓ.ਏ.ਐੱਸ.) ਲਈ ਯੋਗਤਾ ਪੂਰੀ ਕਰਨ ਵਾਲੇ ਬਜ਼ੁਰਗਾਂ ਨੂੰ 300 ਡਾਲਰ ਦੀ ਵਨ-ਟਾਈਮ ਟੈਕਸ ਮੁਕਤ ਅਦਾਇਗੀ ਹੋਵੇਗੀ ਅਤੇ ਗਰੰਟੀਸ਼ੁਦਾ ਇਨਕਮ ਸਪਲੀਮੈਂਟ (ਜੀ.ਆਈ.ਐੱਸ.) ਲਈ ਯੋਗਤਾ ਪ੍ਰਾਪਤ ਬਜ਼ੁਰਗਾਂ ਨੂੰ 200 ਡਾਲਰ ਪ੍ਰਾਪਤ ਹੋਣਗੇ। ਜਿਹੜੇ ਬਜ਼ੁਰਗ ਦੋਹਾਂ ਲਈ ਯੋਗ ਹਨ, ਉਹ 500 ਡਾਲਰ ਪ੍ਰਾਪਤ ਕਰਨਗੇ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਿੱਧੀ ਸਹਾਇਤਾ ਉਪਰ 2.5 ਬਿਲੀਅਨ ਡਾਲਰ ਦੀ ਰਕਮ ਖਰਚ ਹੋਵੇਗੀ ਅਤੇ ਉਮੀਦ ਕੀਤੀ ਜਾਂਦੀ ਹੈ ਕਿ ਇਸ ਨਾਲ 6.7 ਮਿਲੀਅਨ ਕੈਨੈਡੀਅਨ ਬਜ਼ੁਰਗਾਂ ਨੂੰ ਰਾਹਤ ਮਿਲੇਗੀ।