ਮੈਲਬੌਰਨ, 6 ਨਵੰਬਰ – ਆਸਟ੍ਰੇਲੀਆ ਵਿੱਚ ਇੱਕ ਪੱਬ ਦੇ ਬਾਹਰ ਇੱਕ ਡਾਇਨਿੰਗ ਏਰੀਆ ਵਿੱਚ ਇੱਕ ਕਾਰ ਦਾਖਲ ਹੋ ਗਈ, ਜਿਸ ਨਾਲ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਡਰਾਈਵਰ ਸਮੇਤ 6 ਹੋਰ ਜ਼ਖਮੀ ਹੋ ਗਏ। ਪੁਲੀਸ ਨੇ ਦੱਸਿਆ ਕਿ ਇਹ ਘਟਨਾ ਬੀਤੀ ਸ਼ਾਮ ਮੈਲਬੌਰਨ ਦੇ ਉੱਤਰ-ਪੱਛਮ ਵਿੱਚ ਡੇਲਸਫੋਰਡ ਦੇ ਪੇਂਡੂ ਖੇਤਰ ਵਿੱਚ ਭੀੜ-ਭੜੱਕੇ ਵਾਲੇ ਰਾਇਲ ਡੇਲਸਫੋਰਡ ਹੋਟਲ ਦੇ ਬੀਅਰ ਗਾਰਡਨ ਵਿੱਚ ਵਾਪਰੀ।
ਕਾਰ ਡਰਾਈਵਰ ਨੂੰ ਘਟਨਾ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਵਿਕਟੋਰੀਆ ਪੁਲੀਸ ਦੇ ਚੀਫ਼ ਕਮਿਸ਼ਨਰ ਸ਼ੇਨ ਪੈਟਨ ਨੇ ਕਿਹਾ ਕਿ ਘਟਨਾ ਵਿੱਚ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਉਹ ਪੁਲੀਸ ਦੀ ਨਿਗਰਾਨੀ ਹੇਠ ਹੈ। ਪੁਲੀਸ ਦੇ ਜਾਂਚ ਅਧਿਕਾਰੀ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿ ਕਾਰ ਅਚਾਨਕ ਮੋੜ ਲੈ ਕੇ ਸੜਕ ਦੇ ਕਿਨਾਰੇ ਖੁੱਲ੍ਹੇ ਖਾਣੇ ਵਾਲੇ ਖੇਤਰ ਵਿੱਚ ਕਿਵੇਂ ਦਾਖਲ ਹੋਈ। ਡਰਾਈਵਰ ਵੱਲੋਂ ਸ਼ਰਾਬ ਪੀਣ ਦੀ ਪੁਸ਼ਟੀ ਨਹੀਂ ਹੋਈ ਹੈ ਅਤੇ ਹੋਰ ਪਾਬੰਦੀਸ਼ੁਦਾ ਪਦਾਰਥਾਂ ਦੇ ਸੇਵਨ ਦੀ ਜਾਂਚ ਕਰਨ ਲਈ ਉਸ ਦੇ ਖੂਨ ਦੇ ਨਮੂਨੇ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲੀਸ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਇਕ ਲੜਕੇ, 30 ਸਾਲ ਦੇ ਕਰੀਬ ਦੋ ਪੁਰਸ਼ ਅਤੇ 40 ਸਾਲ ਦੀ ਇਕ ਔਰਤ ਦੀ ਮੌਕੇ ਤੇ ਹੀ ਮੌਤ ਹੋ ਗਈ। ਜ਼ਖਮੀ ਨੌਜਵਾਨ ਨੂੰ ਮੈਲਬੌਰਨ ਹਸਪਤਾਲ ਲਿਜਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਹਾਦਸੇ ਵਿੱਚ ਜ਼ਖ਼ਮੀ ਹੋਏ ਦੋ ਬੱਚਿਆਂ, ਜਿਨ੍ਹਾਂ ਦੀ ਉਮਰ 11 ਮਹੀਨੇ ਅਤੇ ਕਰੀਬ ਛੇ ਸਾਲ ਹੈ, ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ, ਜਿਨ੍ਹਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਅੱਜ ਮੈਲਬੌਰਨ ਦੇ ਇੱਕ ਹਸਪਤਾਲ ਵਿੱਚ ਇੱਕ 35 ਸਾਲਾ ਔਰਤ ਸਮੇਤ ਤਿੰਨ ਬਾਲਗ ਅਜੇ ਵੀ ਇੰਟੈਂਸਿਵ ਕੇਅਰ ਯੂਨਿਟ ਵਿੱਚ ਇਲਾਜ ਅਧੀਨ ਸਨ। ਪੈਟਨ ਨੇ ਕਿਹਾ ਕਿ ਪੁਲੀਸ ਅਜੇ ਤੱਕ ਡਰਾਈਵਰ ਤੋਂ ਪੁੱਛਗਿੱਛ ਕਰਨ ਦੇ ਯੋਗ ਨਹੀਂ ਹੈ। ਜਾਂਚ ਅਧਿਕਾਰੀ ਅਜੇ ਇਸ ਗੱਲ ਦੀ ਜਾਂਚ ਕਰ ਰਹੇ ਹਨ ਕਿ ਹਾਦਸੇ ਦਾ ਕਾਰਨ ਵਾਹਨ ਦੀ ਤੇਜ਼ ਰਫਤਾਰ ਸੀ ਜਾਂ ਨਹੀਂ।