ਚੰਡੀਗੜ੍ਹ, 3 ਨਵੰਬਰ 2023 : ਅੱਜ ਕੱਲ ਦੇ ਨੌਜੁਆਨਾ ਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਪੰਜਾਬੋਂ ਬਾਹਰਲੇ ਸੂਬਿਆਂ ਖਾਸਕਰ ਦਿੱਲੀ ਚ 1984 ਨੂੰ ਨਵੰਬਰ ਦੇ ਪਹਿਲੇ ਹਫ਼ਤੇ ਦੌਰਾਨ ਵਾਪਰੇ ਸਿੱਖ ਕਤਲੇਆਮ ਦੀ ਭਿਣਕ 10 ਨਵੰਬਰ ਤੋਂ ਬਾਅਦ ਹੀ ਪਈ ਉਹ ਵੀ ਪੰਜਾਬ ਵਾਪਸ ਆਏ ਟਰੱਕਾਂ ਵਾਲ਼ਿਆਂ ਜ਼ਰੀਏ । 31 ਅਕਤੂਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਪੰਜਾਬ ਨੂੰ ਛੱਡ ਕੇ ਲੱਗਭੱਗ ਸਾਰੇ ਮੁਲਕ ਵਿਚ ਸਿੱਖਾਂ ‘ਤੇ ਜ਼ੁਲਮ ਦਾ ਜੋ ਝੱਖੜ ਝੁੱਲਿਆ ਉਹਨੂੰ ਵੱਖ-ਵੱਖ ਨਾਮ ਦਿੱਤੇ ਗਏ ਨੇ।
ਸਿੱਖਾਂ ਦੇ ਹੋਏ ਇਸ ਕਤਲੇਆਮ ਦੀ ਸ਼ਿੱਦਤ ਸਭ ਤੋਂ ਵੱਧ ਮੁਲਕ ਦੀ ਰਾਜਧਾਨੀ ਦਿੱਲੀ ਵਿਚ ਸੀ। ਜਾਣਕਾਰੀ ਦਾ ਇੱਕੋ-ਇੱਕ ਜ਼ਰੀਆ ਸਰਕਾਰੀ ਰੇਡੀਓ ਅਤੇ ਦੂਰਦਰਸ਼ਨ ਸੀ। ਪ੍ਰਾਈਵੇਟ ਸਾਧਨ ਸਿਰਫ਼ ਅਖ਼ਬਾਰ ਸਨ। ਆਉਣ ਵਾਲੇ ਇਸ ਝੱਖੜ ਦੀ ਆਹਟ ਤਾਂ ਦਿੱਲੀ ਚ ਤਾਂ ਉਦੋਂ ਹੀ ਮਹਿਸੂਸ ਹੋ ਗਈ ਸੀ ਜਦੋਂ ਇੰਦਰਾ ਗਾਂਧੀ ਦੀ ਲਾਸ਼ ਅਜੇ ਹਸਪਤਾਲ ਵਿਚ ਹੀ ਪਈ ਸੀ। ਉਸੇ ਸ਼ਾਮ ਤੋਂ ਸ਼ੁਰੂ ਹੋਇਆ ਇਹ ਝੱਖੜ ਸਿੱਖਾਂ ਦੀਆਂ ਜਾਨਾਂ ‘ਤੇ ਹਨੇਰੀ ਬਣ ਕੇ ਦਿਨ-ਰਾਤ ਲੱਗਭੱਗ ਚਾਰ ਦਿਨ ਝੁੱਲਦਾ ਰਿਹਾ।
31 ਅਕਤੂਬਰ ਸ਼ਾਮ ਨੂੰ ਹੀ ਅਖ਼ਬਾਰਾਂ ‘ਤੇ ਸਰਕਾਰ ਨੇ ਸੈਸਰਸ਼ਿੱਪ ਮੜ੍ਹ ਦਿੱਤੀ। ਸਾਰੇ ਮੁਲਕ ਵਿਚ ਚੱਲ ਰਹੇ ਸਿੱਖ ਕਤਲੇਆਮ ਦੀਆਂ ਖ਼ਬਰਾਂ ਅਖ਼ਬਾਰਾਂ ਵਿਚ ਛਾਪਣ ‘ਤੇ ਸੈਸਰਸ਼ਿੱਪ ਦੀ ਆੜ ਹੇਠ ਪਾਬੰਦੀ ਸੀ। ਕਈ ਅਖ਼ਬਾਰਾਂ ਨੇ ਸੈਂਸਰ ਕੀਤੀਆਂ ਖ਼ਬਰਾਂ ਦੀ ਥਾਂ ਖਾਲ੍ਹੀ ਛੱਡ ਕੇ ਇੱਥੇ ਲਿਖ ਦਿੱਤਾ ਕਿ ਇਹ ਖ਼ਬਰ ਸੈਂਸਰ ਦੀ ਭੇਂਟ ਚੜ੍ਹ ਗਈ ਹੈ। ਅਗਰੇਜ਼ੀ ਦੇ ਅਖ਼ਬਾਰ ਇੰਡੀਅਨ ਐਕਸਪ੍ਰੈਸ ਤੇ ਦ ਟ੍ਰਿਬਿਊਨ ਦੇ ਲੱਗਭੱਗ ਕਈ ਪੇਜ਼ ਖ਼ਾਲੀ ਆਉਣ ਲੱਗੇ। ਉਥੇ ਅੰਗਰੇਜ਼ੀ ਵਿਚ ਇੱਕ ਲਫ਼ਜ ਲਿਖਿਆ ਆਉਂਦਾ ਸੀ ‘ਸੈਂਸਰਡ’। ਰੇਡੀਓ ਤੇ ਟੈਲੀਵੀਜ਼ਨ ਨੇ ਤਾਂ ਸਰਕਾਰੀ ਅਦਾਰੇ ਹੋਣ ਕਰਕੇ ਖ਼ਬਰ ਦੇਣੀ ਹੀ ਕੀ ਸੀ।
ਇੰਟਰਨੈੱਟ ਵਗੈਰਾ ਦਾ ਤਾਂ ਉਦੋਂ ਤੱਕ ਨਾਮ ਵੀ ਨਹੀਂ ਸੀ ਸੁਣਿਆ ਗਿਆ।ਟੈਲੀਫ਼ੋਨ ਤੇ ਇੱਕ ਸ਼ੈਹਰ ਤੋਂ ਦੂਜੇ ਸ਼ੈਹਰ ਤੱਕ ਵੀ ਸਿੱਧਾ ਡਾਇਲ ਕਰਕੇ ਨੰਬਰ ਮਿਲਾਉਣ ਦੀ ਸਹੂਲਤ ਵੀ ਪੂਰੀ ਨਹੀਂ ਸੀ।ਦੂਜੇ ਸ਼ੈਹਰ ਗੱਲ ਕਰਨ ਖ਼ਾਤਰ ਟੈਲੀਫ਼ੋਨ ਐਕਸਚੇਂਜ ਦੇ ਥਰੂ ਕਾਲ ਬੁੱਕ ਕਰਾਉਣੀ ਪੈਂਦੀ ਸੀ ।ਪਰ ਇਹ ਕਾਲ ਕਈ-ਕਈ ਘੰਟੇ ਤੇ ਬਹੁਤੀ ਵਾਰੀ ਸਾਰੀ-ਸਾਰੀ ਦਿਹਾੜੀ ਵੀ ਨਹੀਂ ਸੀ ਮਿਲਦੀ ।ਨਾਲੇ ਕਟਾ-ਵੱਢੀ ਦੇ ਦੌਰ ਚ ਜਦੋਂ ਕਿਸੇ ਨੂੰ ਲੁਕਣ ਖ਼ਾਤਰ ਥਾਂ ਨਾ ਲੱਭ ਨਾ ਲੱਭ ਰਿਹਾ ਹੋਵੇ ਤਾਂ ਅਜਿਹੇ ਹਾਲਾਤਾਂ ਚ ਫ਼ੋਨ ਕਾਲ ਬੁਕਿੰਗ ਕਿੱਥੋਂ ਹੋ ਸਕਣੀ ਸੀ । ਇਹ ਵੀ ਦੱਸ ਦਿਆਂ ਕਿ ਉਦੋਂ ਸਿਰਫ ਟਾਂਮੇ- ਟੱਲੇ ਘਰਾਂ ਵਿੱਚ ਹੀ ਟੈਲੀਫ਼ੋਨ ਹੁੰਦੇ ਸੀ ।ਪਟਿਆਲ਼ੇ ਸ਼ਹਿਰ ਚ ਫੋਨ ਨੰਬਰ ਸਿਰਫ ਚੌਂਹ ਹਿੰਦਸਿਆਂ ਵਾਲੇ ਹੀ ਸੀਗੇ ।