ਬਾੜਮੇਰ, 8 ਅਗਸਤ – ਰਾਜਸਥਾਨ ਵਿੱਚ ਬਾੜਮੇਰ ਜ਼ਿਲ੍ਹੇ ਵਿੱਚ ਭਾਰਤ ਪਾਕਿਸਤਾਨ ਸਰਹੱਦ ਤੇ ਸਰਹੱਦੀ ਸੁਰੱਖਿਆ ਫੋਰਸ (ਬੀ.ਐਸ.ਐਫ.) ਦੇ ਜਵਾਨਾਂ ਨੇ ਭਾਰਤੀ ਸਰਹੱਦ ਵਿੱਚ ਦਾਖਲਾ ਕਰ ਰਹੇ ਇਕ ਪਾਕਿਸਤਾਨੀ ਘੁਸਪੈਠੀਏ ਨੂੰ ਮਾਰ ਗਿਰਾਇਆ ਹੈ| ਬੀ.ਐਸ.ਐਫ. ਦੇ ਸੂਤਰਾਂ ਨੇ ਦੱਸਿਆ ਕਿ ਬਾਖਾਸਰ ਥਾਣਾ ਖੇਤਰ ਦੀ ਮੋਹਰੀ ਚੌਕੀ ਕੋਲ ਕਰੀਬ ਇਕ ਵਜੇ ਬੀ.ਐਸ.ਐਫ. ਦੇ ਜਵਾਨਾਂ ਨੇ ਇਕ ਪਾਕਿਸਤਾਨੀ ਨੌਜਵਾਨ ਨੂੰ ਤਾਰਬੰਦੀ ਵੱਲ ਆਉਂਦੇ ਦੇਖਿਆ| ਜਵਾਨਾਂ ਨੇ ਉਸ ਨੂੰ ਵਾਪਸ ਜਾਣ ਦੀ ਚਿਤਾਵਨੀ ਦਿੱਤੀ, ਜਿਸ ਨੂੰ ਉਸ ਨੇ ਅਣਸੁਣਾ ਕਰ ਦਿੱਤਾ ਅਤੇ ਤਾਰਬੰਦੀ ਪਾਰ ਕਰਨ ਦੀ ਕੋਸ਼ਿਸ਼ ਕਰਨ ਲੱਗਾ| ਇਸ ਤੋਂ ਬਾਅਦ ਜਵਾਨਾਂ ਨੇ ਗੋਲੀ ਚੱਲਾ ਦਿੱਤੀ, ਇਸ ਨਾਲ ਘੁਸਪੈਠੀਏ ਦੀ ਮੌਕੇ ਤੇ ਹੀ ਮੌਤ ਹੋ ਗਈ|
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਬੀ.ਐਸ.ਐਫ. ਦੇ ਸੀਨੀਅਰ ਅਧਿਕਾਰੀ ਮੌਕੇ ਤੇ ਪਹੁੰਚ ਗਏ| ਉਨ੍ਹਾਂ ਨੇ ਸਥਾਨਕ ਪੁਲੀਸ ਨੂੰ ਵੀ ਸੂਚਨਾ ਦਿੱਤੀ| ਸੂਚਨਾ ਮਿਲਣ ਤੋਂ ਬਾਅਦ ਪੁਲੀਸ ਡਿਪਟੀ ਸੁਪਰਡੈਂਟ ਚੌਹਟਨ ਅਜੀਤ ਸਿੰਘ, ਬਾਖਾਸਰ ਥਾਣਾ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ| ਉਨ੍ਹਾਂ ਨੇ ਲਾਸ਼ ਪੋਸਟਮਾਰਟ ਲਈ ਭਿਜਵਾ ਦਿੱਤਾ ਹੈ| ਪੋਸਟਮਾਰਟਮ ਤੋਂ ਬਾਅਦ ਪਾਕਿਸਤਾਨ ਨੂੰ ਇਸ ਦੀ ਸੂਚਨਾ ਦਿੱਤੀ ਜਾਵੇਗੀ| ਦੱਸਣਯੋਗ ਹੈ ਕਿ ਹੁਣ ਹਾਲ ਹੀ ਵਿੱਚ ਸਰਹੱਦ ਪਾਰ ਆਈ ਨਕਲੀ ਨੋਟਾਂ ਦੀ ਖੇਪ ਫੜੀ ਗਈ| ਉਸ ਦੇ ਬਾਅਦ ਤੋਂ ਇੱਥੇ ਕਾਫ਼ੀ ਸਰਗਰਮੀ ਵਰਤੀ ਜਾ ਰਹੀ ਹੈ|