ਅਹਿਮਦਾਬਾਦ, 29 ਸਤੰਬਰ – ਗੁਜਰਾਤ ਪੁਲੀਸ ਨੇ ਨਰਿੰਦਰ ਮੋਦੀ ਸਟੇਡੀਅਮ ਵਿੱਚ 5 ਅਕਤੂਬਰ ਤੋਂ ਸ਼ੁਰੂ ਹੋ ਰਹੇ ਕ੍ਰਿਕਟ ਵਿਸ਼ਵ ਕੱਪ ਨੂੰ ‘ਵਿਸ਼ਵ ਦਹਿਸ਼ਤ ਕੱਪ’ ਵਿੱਚ ਬਦਲਣ ਦੀ ਧਮਕੀ ਦੇਣ ਵਾਲੇ ਪਾਬੰਦੀਸ਼ੁਦਾ ਜਥੇਬੰਦੀ ‘ਸਿੱਖਸ ਫਾਰ ਜਸਟਿਸ’ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਖ਼ਿਲਾਫ਼ ਐਫ ਆਈ ਆਰ ਦਰਜ ਕੀਤੀ ਗਈ ਹੈ। ਅਹਿਮਦਾਬਾਦ ਪੁਲੀਸ ਦੀ ਸਾਈਬਰ ਕ੍ਰਾਈਮ ਬ੍ਰਾਂਚ ਨੇ ਐਫ ਆਈ ਆਰ ਵਿੱਚ ਕਿਹਾ ਹੈ ਕਿ ਪੰਨੂ ਨੇ ਵਿਦੇਸ਼ੀ ਨੰਬਰ ਤੋਂ ਪਹਿਲਾਂ ਤੋਂ ਰਿਕਾਰਡ ਕੀਤੇ ਸੰਦੇਸ਼ ਰਾਹੀਂ ਦੇਸ਼ ਦੇ ਲੋਕਾਂ ਨੂੰ ਧਮਕੀ ਦਿੱਤੀ ਹੈ। ਰਿਕਾਰਡ ਕੀਤੇ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ 5 ਅਕਤੂਬਰ ਕ੍ਰਿਕਟ ਵਿਸ਼ਵ ਕੱਪ ਦੀ ਸ਼ੁਰੂਆਤ ਨਹੀਂ ਹੋਵੇਗੀ, ਸਗੋਂ ਵਿਸ਼ਵ ਦਹਿਸ਼ਤ ਕੱਪ ਦੀ ਸ਼ੁਰੂਆਤ ਹੋਵੇਗੀ। ਧਮਕੀ ਦਿੱਤੀ ਗਈ ਹੈ ਕਿ ਸਿੱਖਸ ਫਾਰ ਜਸਟਿਸ ਖਾਲਿਸਤਾਨੀ ਝੰਡਿਆਂ ਨਾਲ ਅਹਿਮਦਾਬਾਦ ਵਿੱਚ ਧਾਵਾ ਬੋਲਣ ਵਾਲਾ ਹੈ। ਐਫ ਆਈ ਆਰ ਵਿੱਚ ਸੰਦੇਸ਼ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਅਸੀਂ ਸ਼ਹੀਦ ਨਿੱਝਰ ਦੇ ਕਤਲ ਦਾ ਬਦਲਾ ਲਵਾਂਗੇ। ਅਸੀਂ ਤੁਹਾਡੀਆਂ ਗੋਲੀਆਂ ਦਾ ਜਵਾਬ ਮਤਪੱਤਰਾਂ ਨਾਲ ਦੇਵਾਂਗੇ। ਅਸੀਂ ਤੁਹਾਡੀ ਹਿੰਸਾ ਦਾ ਜਵਾਬ ਵੋਟਾਂ ਨਾਲ ਦੇਵਾਂਗੇ। ਯਾਦ ਰੱਖੋ 5 ਅਕਤੂਬਰ, ਇਹ ਕ੍ਰਿਕਟ ਵਿਸ਼ਵ ਕੱਪ ਨਹੀਂ, ਸਗੋਂ ਵਿਸ਼ਵ ਦਹਿਸ਼ਤ ਕੱਪ ਦੀ ਸ਼ੁਰੂਆਤ ਹੋਵੇਗੀ।