ਕੈਲੀਫੋਰਨੀਆ : 1 ਜੂਨ 2023 ਕਾਂਗਰਸ ਆਗੂ ਰਾਹੁਲ ਗਾਂਧੀ 6 ਦਿਨਾਂ ਦੇ ਅਮਰੀਕਾ ਦੌਰੇ ‘ਤੇ ਗਏ ਹੋਏ ਹਨ। ਉਨ੍ਹਾਂ ਨੇ ਬੁੱਧਵਾਰ ਨੂੰ ਸਿਲੀਕਾਨ ਵੈਲੀ ‘ਚ ਏਆਈ ਸੈਕਟਰ ‘ਚ ਸਟਾਰਟ-ਅੱਪ ਸ਼ੁਰੂ ਕਰਨ ਵਾਲੇ ਕਈ ਕਾਰੋਬਾਰੀਆਂ ਨਾਲ ਮੁਲਾਕਾਤ ਕੀਤੀ। ਇਸ ਦੌਰਾਨ, ਪੈਗਾਸਸ ਸਪਾਈਵੇਅਰ ‘ਤੇ ਚਰਚਾ ਕਰਦੇ ਹੋਏ, ਰਾਹੁਲ ਨੇ ਕਿਹਾ – ਮੈਨੂੰ ਪਤਾ ਹੈ ਕਿ ਮੇਰਾ ਫੋਨ ਟੈਪ ਹੋ ਰਿਹਾ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣਾ ਫੋਨ ਚੁੱਕਿਆ ਅਤੇ ਕਿਹਾ- ਹੈਲੋ ਮੋਦੀ ਜੀ।
ਅਪਣੇ ਇਸ ਦੌਰੇ ਦੌਰਾਨ ਰਾਹੁਲ ਗਾਂਧੀ ਬੁੱਧਵਾਰ ਸ਼ਾਮ ਨੂੰ ਸਟੈਨਫੋਰਡ ਯੂਨੀਵਰਸਿਟੀ ਪਹੁੰਚੇ। ਇੱਥੇ ਉਨ੍ਹਾਂ ਨੇ ਵਿਦਿਆਰਥੀਆਂ ਨੂੰ ਕਿਹਾ- ਭਾਰਤ ‘ਚ ਲੋਕਤੰਤਰ ‘ਤੇ ਜੰਗ ਚੱਲ ਰਹੀ ਹੈ। ਕੋਈ ਵੀ ਸੰਸਥਾ ਆਪਣੇ ਤੌਰ ‘ਤੇ ਕੰਮ ਕਰਨ ਦੇ ਯੋਗ ਨਹੀਂ ਹੈ। ਲੋਕਤੰਤਰ ਦਾ ਮਤਲਬ ਸਿਰਫ ਵਿਰੋਧੀ ਧਿਰ ਹੋਣਾ ਨਹੀਂ ਹੈ, ਸਗੋਂ ਲੋਕਤੰਤਰ ਦਾ ਮਤਲਬ ਹੈ ਕਿ ਸੰਸਥਾਵਾਂ ਵਿਰੋਧੀ ਧਿਰ ਦਾ ਸਮਰਥਨ ਕਰਨ। ਪਰ ਸਾਡੇ ਦੇਸ਼ ਵਿੱਚ ਸੰਸਥਾਵਾਂ ਕਿਸੇ ਹੋਰ ਦੇ ਹੱਥਾਂ ਵਿੱਚ ਹਨ।
ਰਾਹੁਲ ਨੇ ਕਿਹਾ- ਸਰਕਾਰ ਕੋਲ ਮੇਰੇ ਨਾਲ ਜੁੜੀ ਹਰ ਜਾਣਕਾਰੀ ਹੈ
ਰਾਹੁਲ ਦੇ ਨਾਲ ਸਿਲੀਕਾਨ ਵੈਲੀ ਦੇ ਪਲੱਗ ਐਂਡ ਪਲੇ ਆਡੀਟੋਰੀਅਮ ਵਿੱਚ ਆਈਓਸੀ ਦੇ ਚੇਅਰਮੈਨ ਸੈਮ ਪਿਤਰੋਦਾ ਅਤੇ ਕਈ ਕਾਂਗਰਸੀ ਆਗੂ ਵੀ ਮੌਜੂਦ ਸਨ। ਰਾਹੁਲ ਨੇ ਕਿਹਾ- ਜੇਕਰ ਤੁਸੀਂ ਦੇਸ਼ ‘ਚ ਟੈਕਨਾਲੋਜੀ ਦਾ ਵਿਸਤਾਰ ਕਰਨਾ ਚਾਹੁੰਦੇ ਹੋ ਤਾਂ ਅਜਿਹੀ ਵਿਵਸਥਾ ਹੋਣੀ ਚਾਹੀਦੀ ਹੈ, ਜਿੱਥੇ ਸ਼ਕਤੀ ਕਿਸੇ ਇਕ ਕੋਲ ਨਹੀਂ, ਸਾਰਿਆਂ ਕੋਲ ਹੋਵੇ। ਭਾਰਤ ਵਿੱਚ ਡੇਟਾ ਦੀ ਸੁਰੱਖਿਆ ਨੂੰ ਲੈ ਕੇ ਵੀ ਨਿਯਮ ਬਣਾਉਣ ਦੀ ਲੋੜ ਹੈ। ਮੈਨੂੰ ਲੱਗਦਾ ਹੈ ਕਿ ਮੇਰਾ ਆਈਫੋਨ ਟੈਪ ਕੀਤਾ ਜਾ ਰਿਹਾ ਹੈ। ਜੇਕਰ ਕੋਈ ਦੇਸ਼ ਇਹ ਫ਼ੈਸਲਾ ਕਰਦਾ ਹੈ ਕਿ ਤੁਹਾਡਾ ਫ਼ੋਨ ਟੈਪ ਕੀਤਾ ਜਾਣਾ ਹੈ, ਤਾਂ ਇਸਨੂੰ ਰੋਕਿਆ ਨਹੀਂ ਜਾ ਸਕਦਾ। ਮੈਂ ਸੋਚਦਾ ਹਾਂ ਕਿ ਮੈਂ ਜੋ ਵੀ ਕਰਦਾ ਹਾਂ, ਸਰਕਾਰ ਇਸ ਤੋਂ ਪੂਰੀ ਤਰ੍ਹਾਂ ਜਾਣੂ ਹੈ।